ਅੰਮ੍ਰਿਤਪਾਲ ਵਿਰੁੱਧ ਸੜਕਾਂ ''ਤੇ ਉਤਰਿਆ ਸਿੱਖ ਭਾਈਚਾਰਾ, ਕੱਢੀ ''ਬਾਈਕ ਤਿਰੰਗਾ ਯਾਤਰਾ''
Monday, Mar 27, 2023 - 10:48 AM (IST)
ਗੁੜਗਾਓਂ- (ਧਰਮਿੰਦਰ)- ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਫਾਂਸੀ ਦੀ ਮੰਗ ਨੂੰ ਲੈ ਕੇ ਇੱਥੋਂ ਦਾ ਸਿੱਖ ਭਾਈਚਾਰਾ ਸੜਕਾਂ ’ਤੇ ਉੱਤਰ ਆਇਆ ਹੈ। ਐਤਵਾਰ ਨੂੰ ਸਿੱਖ ਭਾਈਚਾਰੇ ਨੇ ਅੰਮ੍ਰਿਤਪਾਲ ਵਿਰੁੱਧ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਪੱਖ ’ਚ ਇਕ ‘ਬਾਈਕ ਤਿਰੰਗਾ ਯਾਤਰਾ’ ਕੱਢੀ।
ਬਾਈਕ ਯਾਤਰਾ ਜ਼ਰੀਏ ਸਿੱਖ ਭਾਈਚਾਰੇ ਨੇ ਕਿਹਾ ਕਿ ਅੰਮ੍ਰਿਤਪਾਲ ਦੇਸ਼ ਦਾ ਗੱਦਾਰ ਹੈ। ਦੇਸ਼ ਦੇ ਗੱਦਾਰ ਨੂੰ ਅਫ਼ਾਗਾਨਿਸਤਾਨੀ ਤਰੀਕੇ ਨਾਲ ਚੌਕ ਵਿਚਾਲੇ ਫਾਂਸੀ ਦੇ ਦੇਣੀ ਚਾਹੀਦੀ ਹੈ। ਇਹ ਰੈਲੀ ਗੁਰੂਗ੍ਰਾਮ ਦੇ ਮਾਨੇਸਰ ਤੋਂ ਸ਼ੁਰੂ ਹੋ ਕੇ ਧਾਰੂਹੇੜਾ ਪਹੁੰਚ ਕੇ ਸੰਪੰਨ ਹੋਈ। ਯਾਤਰਾ ’ਚ 3500 ਤੋਂ ਜ਼ਿਆਦਾ ਬਾਈਕ ਰਾਈਡਰਜ਼ ਨੇ ਹਿੱਸਾ ਲਿਆ। ਇਸ ਯਾਤਰਾ 'ਚ ਸ਼ਹੀਦ ਭਗਤ ਸਿੰਘ ਦੇ ਭਤੀਜੇ ਕਿਰਨਜੀਤ ਅਤੇ ਸੁਖਦੇਵ ਕੇ ਪੋਤੇ ਅਨੁਜ ਥਾਪਰ ਨੇ ਵੀ ਸ਼ਿਰਕਤ ਦੀ। ਬਾਈਕ ਰਾਈਡਰਜ਼ ਨੇ ਅੰਮ੍ਰਿਤਪਾਲ ਖਿਲਾਫ਼ 35 ਕਿਲੋਮੀਟਰ ਤੱਕ ਤਿਰੰਗਾ ਬਾਈਕ ਯਾਤਰੀ ਕੱਢੀ ਅਤੇ ਕਿਹਾ ਕਿ ਅੰਮ੍ਰਿਤਪਾਲ ਹਿੰਦੁਸਤਾਨੀ ਨਹੀਂ ਹੈ ਅਤੇ ਨਾ ਹੀ ਉਸ ਨੂੰ ਹਿੰਦੁਸਤਾਨੀ ਦਾ ਦਰਜਾ ਮਿਲਣਾ ਚਾਹੀਦਾ ਹੈ।
ਭਗਤ ਸਿੰਘ ਦੇ ਵਿਖਾਏ ਰਾਹ 'ਤੇ ਚੱਲ ਰਿਹੈ ਪੰਜਾਬ: ਕਿਰਨਜੀਤ
ਇਸ ਦੌਰਾਨ ਭਗਤ ਸਿੰਘ ਦੇ ਭਤੀਜੇ ਕਿਰਨਜੀਤ ਨੇ ਕਿਹਾ ਕਿ ਪੰਜਾਬ ਦੀ ਸਾਰੀ ਜਨਤਾ ਅੱਜ ਦੇਸ਼ ਭਗਤ ਹੈ। ਕੁਝ ਅਜਿਹੇ ਦੇਸ਼ ਦੇ ਗੱਦਾਰਾਂ ਦੀ ਵਜ੍ਹਾ ਕਰ ਕੇ ਪੰਜਾਬ ਦੀ ਬਦਨਾਮੀ ਹੋ ਰਹੀ ਹੈ। ਅੱਜ ਪੰਜਾਬ ਭਗਤ ਸਿੰਘ ਦੇ ਵਿਖਾਏ ਹੋਏ ਰਾਹ 'ਤੇ ਚੱਲ ਰਿਹਾ ਹੈ ਤਾਂ ਉੱਥੇ ਹੀ ਪੂਰਾ ਸਿੱਖ ਭਾਈਚਾਰਾ ਵੀ ਅੱਜ ਅੰਮ੍ਰਿਤਪਾਲ ਦਾ ਵਿਰੋਧ ਕਰ ਰਿਹਾ ਹੈ।
ਦੇਸ਼ ਨੂੰ ਤੋੜਨ ਵਾਲਾ ਅਸਲੀ ਸਿੱਖ ਨਹੀਂ ਹੋ ਸਕਦਾ: ਅਨੁਜ ਥਾਪਰ
ਇਸ ਯਾਤਰਾ ਨੂੰ ਹਰੀ ਝੰਡੀ ਵਿਖਾਉਣ ਪਹੁੰਚੇ ਸੁਖਦੇਵ ਸਿੰਘ ਦੇ ਪੋਤੇ ਅਨੁਜ ਥਾਪਰ ਨੇ ਕਿਹਾ ਕਿ ਜੋ ਦੇਸ਼ ਨੂੰ ਤੋੜਨ ਵਾਲਾ ਹੈ, ਉਹ ਕਦੇ ਵੀ ਅਸਲੀ ਸਿੱਖ ਨਹੀਂ ਹੋ ਸਕਦਾ। ਸਿੱਖ ਧਰਮ ਤਾਂ ਉਹ ਧਰਮ ਹੈ, ਜਦੋਂ ਦੇਸ਼ 'ਤੇ ਹਮਲੇ ਹੋ ਰਹੇ ਸਨ ਅਤੇ ਹਰ ਘਰ ਵਿਚੋਂ ਇਕ ਨੌਜਵਾਨ ਦੇਸ਼ ਦੀ ਰਾਖੀ ਲਈ ਸਿੱਖ ਬਣਿਆ ਸੀ। ਸਾਨੂੰ ਅਜਿਹੇ ਨੌਜਵਾਨਾਂ ਦੀ ਲੋੜ ਹੈ, ਜੋ ਤਿਰੰਗੇ ਦੀ ਅਹਿਮੀਅਤ ਨੂੰ ਸਮਝਦੇ ਹਨ।