ਗੁਰਦੁਆਰਾ ਬੰਗਲਾ ਸਾਹਿਬ ਦੀ ਲਾਇਬ੍ਰੇਰੀ ਮੈਨੇਜਰ ਨੂੰ ਡਿਜੀਟਲ ਅਰੈਸਟ ਕਰ ਕੇ ਠੱਗੇ 2.50 ਲੱਖ
Saturday, Jul 26, 2025 - 12:53 AM (IST)

ਨਵੀਂ ਦਿੱਲੀ (ਪ੍ਰਦੀਪ ਕੁਮਾਰ ਸਿੰਘ) – ਸਾਈਬਰ ਠੱਗਾਂ ਨੇ ਗੁਰਦੁਆਰਾ ਬੰਗਲਾ ਸਾਹਿਬ ’ਚ ਲਾਇਬ੍ਰੇਰੀ ਮੈਨੇਜਰ ਦੇ ਰੂਪ ’ਚ ਕੰਮ ਕਰਦੀ ਇਕ ਔਰਤ ਨੂੰ ਡਿਜੀਟਲ ਅਰੈਸਟ ਕਰ ਕੇ 2.50 ਲੱਖ ਰੁਪਏ ਠੱਗ ਲਏ। ਵ੍ਹਟਸਐਪ ਕਾਲ ’ਤੇ ਪੁਲਸ, ਸੀ. ਬੀ. ਆਈ. ਅਫਸਰ ਤੇ ਜੱਜ ਬਣ ਕੇ ਜਾਅਲਸਾਜ਼ਾਂ ਨੇ ਔਰਤ ਨੂੰ ਮਨੀ ਲਾਂਡ੍ਰਿੰਗ ਕੇਸ ਵਿਚ ਗ੍ਰਿਫਤਾਰੀ ਦਾ ਡਰ ਵਿਖਾ ਕੇ ਸਾਰੀ ਰਾਤ ਜਗਾ ਕੇ ਰੱਖਿਆ। ਇਸ ਨਾਲ ਬੁਰੀ ਤਰ੍ਹਾਂ ਡਰ ਚੁੱਕੀ ਔਰਤ ਨੇ ਅਗਲੇ ਦਿਨ ਬੈਂਕ ਜਾ ਕੇ ਮੁਲਜ਼ਮਾਂ ਵੱਲੋਂ ਦੱਸੇ ਖਾਤੇ ਵਿਚ 2.50 ਲੱਖ ਰੁਪਏ ਟਰਾਂਸਫਰ ਕਰਵਾ ਦਿੱਤੇ।
ਠੱਗਾਂ ਨੇ ਕਿਹਾ ਸੀ ਕਿ ਉਸ ਦੇ ਖਾਤੇ ਵਿਚ 24 ਘੰਟਿਆਂ ’ਚ ਰੁਪਏ ਵਾਪਸ ਕਰ ਦਿੱਤੇ ਜਾਣਗੇ ਪਰ ਰੁਪਏ ਨਾ ਆਉਣ ’ਤੇ ਔਰਤ ਨੂੰ ਠੱਗੀ ਦਾ ਅਹਿਸਾਸ ਹੋਇਆ। ਸਾਈਬਰ ਥਾਣਾ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।