ਗੁਰਬਾਣੀ ਦੇ ਗਲਤ ਅਰਥਾਂ ਵਾਲੀ ਵੈੱਬਸਾਈਟ ਦਾ ''ਜਾਗੋ'' ਨੇ ਕੀਤਾ ਖੁਲਾਸਾ

05/26/2020 5:33:02 PM

ਨਵੀਂ ਦਿੱਲੀ (ਪਰਮਿੰਦਰ ਪਾਲ ਸਿੰਘ)— ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ 17 ਅਪ੍ਰੈਲ 2020 ਨੂੰ ਲਿਖੇ ਗਏ ਹੁਕਮਨਾਮੇ ਦੇ ਗਲਤ ਅਰਥਾਂ ਦਾ ਸਰੋਤ ਅੱਜ 'ਜਾਗੋ' ਪਾਰਟੀ ਨੇ ਜਾਰੀ ਕੀਤਾ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਇਸ ਮਾਮਲੇ ਵਿਚ ਖੁਦ ਬੋਲਣ ਦੀ ਬਜਾਏ ਮੁੱਖ ਗ੍ਰੰਥੀ ਨੂੰ ਅੱਗੇ ਕਰ ਕੇ ਬੱਚ ਨਹੀਂ ਸਕਦੇ ਅਤੇ ਨਾ ਹੀ ਮੁੱਖ ਗ੍ਰੰਥੀ ਇੰਨੀ ਵੱਡੀ ਗਲਤੀ 'ਤੇ ਕਿਸੇ ਪ੍ਰੇਮੀ ਦੇ ਜ਼ਿੰਮੇਵਾਰ ਹੋਣ ਦਾ ਹਵਾਲਾ ਦੇ ਕੇ ਬੱਚ ਸਕਦੇ ਹਨ। ਕਮੇਟੀ ਇੰਨੀ ਵੱਡੀ ਬੇਅਦਬੀ ਦੇ ਸਰੋਤ ਨੂੰ ਲੁਕਾ ਰਹੀ ਹੈ ਪਰ ਅਸੀਂ ਜ਼ਾਹਰ ਕਰ ਰਹੇ ਹਾਂ। ਜੀਕੇ ਨੇ ਦੱਸਿਆ ਕਿ ਉਕਤ ਹੁਕਮਨਾਮੇ ਦੇ www. sikhknowledge. org ਵੈੱਬਸਾਈਟ 'ਤੇ ਉਹ ਹੀ ਮਤਲਬ ਹਨ, ਜੋ ਕਮੇਟੀ ਨੇ ਲਿਖੇ ਹਨ। ਇਸ ਦੇ ਨਾਲ ਹੀ ਬਾਕੀ ਗੁਰਬਾਣੀ ਦੇ ਮਤਲਬ ਵੀ ਠੀਕ ਨਹੀਂ ਹਨ। ਇਸ ਲਈ ਇਸ ਵੱਡੀ ਗਲਤੀ ਦੇ ਖਿਲਾਫ ਅਸੀਂ 'ਜਾਗੋ' ਪਾਰਟੀ ਵੱਲੋਂ ਥਾਣਾ ਨੌਰਥ ਐਵੇਨਿਊ ਵਿਚ ਵੈੱਬਸਾਈਟ ਦੇ ਖਿਲਾਫ ਸ਼ਿਕਾਇਤ ਦੇ ਰਹੇ ਹਾਂ। 

ਜੀਕੇ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਕਤ ਮਾਮਲੇ ਨੂੰ ਠੰਡੇ ਬਸਤੇ ਵਿਚ ਨਾ ਪਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਗੁਰਬਾਣੀ ਦੇ ਅਰਥਾਂ ਦਾ ਅਨਰਥ ਕਰ ਰਹੀਆਂ ਸਾਰੀਆਂ ਵੈੱਬਸਾਈਟਾਂ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ। ਨਾਲ ਹੀ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛਾਪਣ ਦਾ ਅਧਿਕਾਰ ਕੇਵਲ ਸ਼੍ਰੋਮਣੀ ਅਤੇ ਦਿੱਲੀ ਕਮੇਟੀ ਨੂੰ ਹੈ। ਉਸੇ ਤਰ੍ਹਾਂ ਗੁਰਬਾਣੀ ਮਤਲਬ ਵੀ ਸਿਰਫ ਪ੍ਰਮਾਣਿਤ ਸੰਸਥਾਵਾਂ ਦੀ ਵੈੱਬਸਾਈਟ 'ਤੇ ਪ੍ਰਕਾਸ਼ਤ ਹੋਣ ਦੀ ਨਿਗਰਾਨੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਣੀ ਚਾਹੀਦੀ ਹੈ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਸਮੇਂ ਗੁਰੂ ਅਰਜਨ ਦੇਵ ਨੇ ਜਿਸ ਕਸੌਟੀ 'ਤੇ ਬਾਣੀ ਨੂੰ ਸ਼ਾਮਲ ਕੀਤਾ ਸੀ, ਉਸ ਸਿਧਾਂਤ 'ਤੇ ਉਕਤ ਗਲਤ ਮਤਲਬ ਚੋਟ ਕਰਦੇ ਹਨ।

ਜੀਕੇ ਨੇ ਦਿੱਲੀ ਕਮੇਟੀ ਦੇ ਗ੍ਰੰਥੀਆਂ ਵੱਲੋਂ ਲਗਾਤਾਰ ਗੁਰਮਤ ਦੀ ਥਾਂ ਪ੍ਰਬੰਧਕਾਂ ਦੇ ਗਲਤ ਏਜੰਡੇ ਦੇ ਪ੍ਰਚਾਰ ਨੂੰ ਵੀ ਇਸ ਗ਼ਫ਼ਲਤ ਦੀ ਵਜ੍ਹਾ ਦੱਸਿਆ। ਜੀਕੇ ਨੇ ਸਾਫ ਕਿਹਾ ਕਿ ਗੁਰੂ ਦੀ ਹਜ਼ੂਰੀ ਤੋਂ ਗੁਰਬਾਣੀ ਜਾਂ ਗੁਰਮਤ ਤੋਂ ਇਲਾਵਾ ਕਿਸੇ ਤਰ੍ਹਾਂ ਦਾ ਪ੍ਰਚਾਰ ਕਰਨ ਤੋਂ ਗ੍ਰੰਥੀਆਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਕਮੇਟੀ ਮੈਂਬਰ ਚਮਨ ਸਿੰਘ  ਅਤੇ 'ਜਾਗੋ' ਦੇ ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ ਨੇ ਵੀ ਗੁਰਬਾਣੀ ਅਰਥਾਂ ਨੂੰ ਲੈ ਕੇ ਕਮੇਟੀ ਦੀ ਲਾਪ੍ਰਵਾਹੀ ਨੂੰ ਗੁਰਬਾਣੀ ਦੇ ਹਵਾਲੇ ਰਾਹੀ ਸਾਫ ਕੀਤਾ।


Tanu

Content Editor

Related News