ਗੁਜਰਾਤ ’ਚ 2 ਭਾਈਚਾਰਿਆਂ ’ਚ ਝੜਪ ; ਲਾਠੀ-ਡੰਡਿਆਂ, ਤਲਵਾਰਾਂ ਅਤੇ ਪਾਈਪਾਂ ਨਾਲ ਇਕ-ਦੂਜੇ ’ਤੇ ਹਮਲਾ

Tuesday, May 25, 2021 - 09:43 AM (IST)

ਗੁਜਰਾਤ ’ਚ 2 ਭਾਈਚਾਰਿਆਂ ’ਚ ਝੜਪ ; ਲਾਠੀ-ਡੰਡਿਆਂ, ਤਲਵਾਰਾਂ ਅਤੇ ਪਾਈਪਾਂ ਨਾਲ ਇਕ-ਦੂਜੇ ’ਤੇ ਹਮਲਾ

ਗਿਰ ਸੋਮਨਾਥ- ਗੁਜਰਾਤ ਦੇ ਗਿਰ ਸੋਮਨਾਥ ’ਚ 2 ਭਾਈਚਾਰਿਆਂ ਵਿਚਾਲੇ ਹਿੰਸਕ ਝੜਪ ਤੋਂ ਬਾਅਦ ਪੁਲਸ ਨੇ ਲਗਭਗ 2,000 ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਅਤੇ ਦੰਗਾ ਫੈਲਾਉਣ ਦੀ ਐੱਫ. ਆਈ. ਆਰ. ਦਰਜ ਕੀਤੀ ਹੈ। ਘਟਨਾ ’ਚ ਕਰੀਬ 6 ਪੁਲਸ ਕਰਮਚਾਰੀ ਅਤੇ ਕਈ ਹੋਰ ਲੋਕ ਜ਼ਖ਼ਮੀ ਹੋ ਗਏ। ਐਤਵਾਰ ਨੂੰ ਹੋਈ ਘਟਨਾ ਨਾਲ ਸਬੰਧਤ ਐੱਫ. ਆਈ.ਆਰ.’ਚ ਇਸੇ ਤਰ੍ਹਾਂ ਦੇ ਅਪਰਾਧਾਂ ਲਈ 47 ਹੋਰ ਲੋਕਾਂ ਦੇ ਨਾਂ ਵੀ ਦਰਜ ਹਨ।

ਗਿਰ ਸੋਮਨਾਥ ਦੇ ਉਨਾ ਤਾਲੁਕਾ ਦੇ ਨਵੇ ਬੰਦਰ ਪਿੰਡ ਸਥਿਤ ਜੈੱਟੀ ’ਚ ਮੱਛੀ ਫੜਣ ਵਾਲੀਆਂ 2 ਕਿਸ਼ਤੀਆਂ ਦੀ ਟੱਕਰ ਤੋਂ ਬਾਅਦ ਇਹ ਵਿਵਾਦ ਪੈਦਾ ਹੋਇਆ। ਦੋਵਾਂ ਭਾਈਚਾਰਿਆਂ ਵੱਲੋਂ ਲੱਗਭਗ 1,500 ਤੋਂ 2,000 ਲੋਕਾਂ ਨੇ ਇਕ-ਦੂਜੇ ’ਤੇ ਲਾਠੀ-ਡੰਡਿਆਂ, ਤਲਵਾਰ ਅਤੇ ਲੋਹੇ ਅਤੇ ਪਲਾਸਟਿਕ ਦੀਆਂ ਪਾਈਪਾਂ ਨਾਲ ਵਾਰ ਕੀਤਾ ਅਤੇ ਪੱਥਰ ਅਤੇ ਖਾਲੀ ਬੋਤਲਾਂ ਵੀ ਵਰ੍ਹਾਈਆਂ। ਜਦੋਂ ਪੁਲਸ ਨੇ ਭੀੜ ਨੂੰ ਕਾਬੂ ’ਚ ਕਰਨ ਲਈ ਦਖਲ ਦਿੱਤਾ ਤਾਂ ਦੰਗਾਕਾਰੀਆਂ ਨੇ ਉਨ੍ਹਾਂ ’ਤੇ ਵੀ ਹਮਲਾ ਕੀਤਾ ਜਿਸ ਨਾਲ ਸਹਾਇਕ ਪੁਲਸ ਸੁਪਰੀਡੈਂਟ ਓਮ ਪ੍ਰਕਾਸ਼ ਜਟ, 2 ਉਪ ਇੰਸਪੈਕਟਰ ਅਤੇ 3 ਕਾਂਸਟੇਬਲ ਸਮੇਤ 6 ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲਸ ਨੂੰ ਭੀੜ ਨੂੰ ਕੰਟਰੋਲ ਕਰਨ ਲਈ ਹੰਝੂ ਗੈਸ ਦੇ ਗੋਲੇ ਛੱਡਣੇ ਪਏ।

ਘਟਨਾ ਦੇ ਸੰਬੰਧ ’ਚ ਦੋਵਾਂ ਭਾਈਚਾਰਿਆਂ ਦੇ 47 ਪਛਾਤੇ ਅਤੇ 1,500 ਤੋਂ 2,000 ਅਣਪਛਾਤੇ ਲੋਕਾਂ ਖਿਲਾਫ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 307 (ਹੱਤਿਆ ਦੀ ਕੋਸ਼ਿਸ਼), 332, 333 (ਲੋਕ ਸੇਵਕਾਂ ਨੂੰ ਜਾਨ ਬੁੱਝ ਕੇ ਗੰਭੀਰ ਰੂਪ ’ਚ ਸੱਟ ਪੰਹੁਚਾਉਣਾ), 337 ਅਤੇ 338 (ਮਨੁੱਖੀ ਜੀਵਨ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਵਾਰਦਾਤਾਂ ਕਰਨੀਆਂ), 143 (ਗੈਰ-ਕਾਨੂੰਨੀ ਰੂਪ ’ਚ ਇਕੱਠੇ ਹੋਣਾ), 147 ਅਤੇ 148 (ਦੰਗਾ ਫੈਲਾਉਣਾ) ਦੇ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਝੜਪ ਤੋਂ ਬਾਅਦ ਕੋਲ ਦੇ 3 ਪੁਲਸ ਥਾਣਾ ਉਨਾ, ਗਿਰਗਾਧਾਦਾ ਅਤੇ ਕੋਡਿਨਾਰ ਤੋਂ ਵੱਡੀ ਗਿਣਤੀ ’ਚ ਪੁਲਸ ਮੁਲਾਜ਼ਮਾਂ ਦੇ ਨਾਲ ਸਥਾਨਕ ਅਪਰਾਧ ਸ਼ਾਖਾ ਅਤੇ ਵਿਸ਼ੇਸ਼ ਅਭਿਆਨ ਸਮੂਹ ਤੋਂ ਕਰਮਚਾਰੀਆਂ ਨੂੰ ਭੀੜ ’ਤੇ ਕਾਬੂ ਲਈ ਭੇਜਿਆ ਗਿਆ।


author

DIsha

Content Editor

Related News