ਗੁਜਰਾਤ : ਸੂਰਤ 'ਚ ਸੜਕ ਕਿਨਾਰੇ ਸੌਂ ਰਹੇ 18 ਲੋਕਾਂ ਨੂੰ ਡੰਪਰ ਨੇ ਦਰੜਿਆ, 13 ਦੀ ਮੌਤ
Tuesday, Jan 19, 2021 - 08:20 AM (IST)
ਸੂਰਤ- ਗੁਜਰਾਤ ਦੇ ਸੂਰਤ ਵਿਚ ਵੱਡਾ ਹਾਦਸਾ ਵਾਪਰਿਆ ਹੈ। ਕੀਮ ਰੋਡ 'ਤੇ ਡੰਪਰ ਨੇ ਸੜਕ ਕਿਨਾਰੇ ਸੌਂ ਰਹੇ 18 ਲੋਕਾਂ ਨੂੰ ਦਰੜ ਦਿੱਤਾ ਹੈ, ਜਿਨ੍ਹਾਂ ਵਿਚੋਂ 13 ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਮਰਨ ਵਾਲੇ ਸਾਰੇ ਮਜ਼ਦੂਰ ਸਨ ਅਤੇ ਰਾਜਸਥਾਨ ਦੇ ਰਹਿਣ ਵਾਲੇ ਸਨ।
ਫਿਲਹਾਲ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਸੂਰਤ ਵਿਚ ਕਿਮ-ਮਾਂਡਵੀ ਰੋਡ ਉੱਤੇ ਇਕ ਬੇਕਾਬੂ ਡੰਪਰ ਨੇ ਸੜਕ ਦੇ ਕਿਨਾਰੇ ਸੌਂ ਰਹੇ 18 ਮਜ਼ਦੂਰਾਂ ਨੂੰ ਕੁਚਲ ਦਿੱਤਾ। ਹਾਦਸਾ ਬੀਤੀ ਰਾਤ 12 ਵਜੇ ਦੇ ਨੇੜੇ ਵਾਪਰਿਆ। ਅਸਲ ਵਿਚ ਤੇਜ਼ ਰਫ਼ਤਾਰ ਨਾਲ ਜਾ ਰਹੇ ਡੰਪਰ ਚਾਲਕ ਨੇ ਓਵਰਟੇਕ ਕਰਨ ਦੀ ਕੋਸ਼ਸ਼ ਕਰਦੇ ਹੋਏ ਗੰਨਿਆਂ ਦੀ ਲੱਦੀ ਟਰਾਲੀ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ- 18 ਜਨਵਰੀ ਤੋਂ ਮਾਰੂਤੀ ਸੁਜ਼ੂਕੀ ਕਾਰਾਂ ਦੀ ਵੱਧ ਗਈ ਕੀਮਤ, ਜਾਣੋ ਕਿੰਨਾ ਵਾਧਾ
ਟੱਕਰ ਵੱਜਣ ਕਾਰਨ ਡੰਪਰ ਡਰਾਈਵਰ ਨੇ ਕੰਟਰੋਲ ਗੁਆ ਲਿਆ ਅਤੇ ਡੰਪਰ ਸੜਕ ਕਿਨਾਰੇ ਸੌਂ ਰਹੇ ਮਜ਼ਦੂਰਾਂ ਉੱਤੇ ਉਲਟ ਗਿਆ। ਇਸ ਹਾਦਸੇ ਵਿਚ 13 ਲੋਕਾਂ ਦੀ ਮੌਤ ਹੋ ਗਈ ਤੇ ਹੋਰ 5 ਲੋਕ ਜ਼ਖ਼ਮੀ ਹਨ। ਹਾਲਾਂਕਿ 6 ਮਹੀਨਿਆਂ ਦੀ ਬੱਚੀ ਇਸ ਹਾਦਸੇ ਵਿਚ ਬਚ ਗਈ ਪਰ ਉਸ ਦੇ ਮਾਂ-ਬਾਪ ਦੀ ਮੌਤ ਹੋ ਗਈ।
►ਉਕਤ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਰਾਇ