ਗੁਜਰਾਤ 'ਚ 5 ਹੋਰ ਲਾਵਾਰਸ ਪਾਕਿਸਤਾਨੀ ਕਿਸ਼ਤੀਆਂ ਬਰਾਮਦ
Saturday, Oct 12, 2019 - 04:08 PM (IST)
ਭੁਜ— ਗੁਜਰਾਤ ਦੇ ਕੱਛ ਜ਼ਿਲੇ ਦੇ ਤੱਟਵਰਤੀ ਅਰਬ ਸਾਗਰ ਨਾਲ ਲੱਗਦੇ ਕ੍ਰੀਕ ਖੇਤਰ ਤੋਂ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਨੇ ਅੱਜ ਯਾਨੀ ਸ਼ਨੀਵਾਰ ਨੂੰ 5 ਲਾਵਾਰਸ ਪਾਕਿਸਤਾਨੀ ਕਿਸ਼ਤੀਆਂ ਬਰਾਮਦ ਕੀਤੀਆਂ ਹਨ। ਇਸ ਤੋਂ ਪਹਿਲਾਂ 5 ਅਕਤੂਬਰ ਨੂੰ ਵੀ ਇਸੇ ਇਲਾਕੇ ਤੋਂ 2 ਅਜਿਹੀਆਂ ਕਿਸ਼ਤੀਆਂ ਬਰਾਮਦ ਕੀਤੀਆਂ ਗਈਆਂ ਸਨ। ਬੀ.ਐੱਸ.ਐੱਫ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਰਾਮੀਨਾਲਾ ਖੇਤਰ ਤੋਂ ਮਿਲੀਆਂ ਇਨ੍ਹਾਂ ਕਿਸ਼ਤੀਆਂ 'ਚੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਇਨ੍ਹਾਂ ਤੋਂ ਮੱਛੀ ਫੜਨ ਵਾਲੇ ਜਾਲ, ਇਨ੍ਹਾਂ ਨੂੰ ਰੱਖਣ ਵਾਲੇ ਆਈਸਬਾਕਸ, ਕੱਪੜੇ ਆਦਿ ਹੀ ਮਿਲੇ ਹਨ। ਇਸ ਤੋਂ ਪਹਿਲਾਂ 5 ਅਕਤੂਬਰ ਨੂੰ 2 ਅਜਿਹੀਆਂ ਲਾਵਾਰਸ ਕਿਸ਼ਤੀਆਂ ਲਕਸ਼ਮਣ ਪੁਆਇੰਟ ਤੋਂ ਮਿਲੀਆਂ ਸਨ।
ਉਸ ਨੇ ਦੱਸਿਆ ਕਿ ਚੌਕਸੀ ਦੇ ਤੌਰ 'ਤੇ ਨੇੜੇ-ਤੇੜੇ ਤਲਾਸ਼ੀ ਤੇਜ਼ ਕਰ ਦਿੱਤੀ ਗਈ ਹੈ। ਹਾਲਾਂਕਿ ਅਜਿਹਾ ਲੱਗਦਾ ਹੈ ਕਿ ਪਹਿਲਾਂ ਵੀ ਕਈ ਵਾਰ ਫੜੀਆਂ ਗਈਆਂ ਅਜਿਹੀਆਂ ਕਿਸ਼ਤੀਆਂ ਨੂੰ ਜਿਸ ਤਰ੍ਹਾਂ ਛੱਡ ਕੇ ਇਸ 'ਤੇ ਸਵਾਰ ਪਾਕਿਸਤਾਨੀ ਮਛੇਰੇ ਨੇੜੇ ਹੀ ਸਥਿਤ ਆਪਣੇ ਦੇਸ਼ ਦੀ ਸਰਹੱਦ 'ਚ ਦੌੜ ਗਏ ਸਨ, ਉਸੇ ਤਰ੍ਹਾਂ ਹੀ ਇਸ ਵਾਰ ਵੀ ਹੋਇਆ ਹੈ। ਬੀ.ਐੱਸ.ਐੱਫ. ਗਸ਼ਤੀ ਬੋਟ ਦੀ ਆਵਾਜ਼ ਸੁਣਨ ਤੋਂ ਬਾਅਦ ਉਹ ਕਿਸ਼ਤੀਆਂ ਨੂੰ ਛੱਡ ਕੇ ਆਪਣੀ ਸਰਹੱਦ 'ਚ ਦੌੜ ਗਏ ਹਨ। ਪਾਕਿਸਤਾਨੀ ਮਛੇਰੇ ਪ੍ਰਾਨ ਯਾਨੀ ਝੀਂਗਾ ਮੱਛੀ ਅਤੇ ਹੋਰ ਸਮੁੰਦਰ ਖਾਧ ਜੀਵਾਂ ਨਾਲ ਭਰੇ ਇਸ ਦਲਦਲੀ ਇਲਾਕੇ 'ਚ ਇਨ੍ਹਾਂ ਨੂੰ ਫੜਨ ਦੇ ਇਰਾਦੇ ਨਾਲ ਕਈ ਵਾਰ ਚੁੱਪਚਾਪ ਘੁਸਪੈਠ ਕਰਦੇ ਹਨ। ਇਸ ਲਈ ਉਹ ਚੀਨੀ ਮੋਟਰ ਵਾਲੀਆਂ ਹਲਕੀਆਂ ਕਿਸ਼ਤੀਆਂ ਦੀ ਵਰਤੋਂ ਕਰਦੇ ਹਨ।