ਗੁਜਰਾਤ ਸਰਕਾਰ ਸਮਾਰਟਫੋਨ ਖਰੀਦਣ ਲਈ ਕਿਸਾਨਾਂ ਮੁਹੱਈਆ ਕਰਵਾਏਗੀ ਵਿੱਤੀ ਮਦਦ
Sunday, Nov 21, 2021 - 01:58 PM (IST)
 
            
            ਅਹਿਮਦਾਬਾਦ (ਭਾਸ਼ਾ)— ਗੁਜਰਾਤ ਸਰਕਾਰ ਨੇ ਸੂਬੇ ਵਿਚ ਕਿਸਾਨਾਂ ਨੂੰ ਸਮਾਰਟਫੋਨ ਖਰੀਦਣ ਲਈ 1500 ਰੁਪਏ ਦੀ ਵਿੱਤੀ ਮਦਦ ਮੁਹੱਈਆ ਕਰਾਉਣ ਦਾ ਫ਼ੈਸਲਾ ਲਿਆ ਹੈ। ਸੂਬਾ ਖੇਤੀਬਾੜੀ ਵਿਭਾਗ ਵਲੋਂ ਜਾਰੀ ਨੋਟੀਫ਼ਿਕੇਸ਼ਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਨੋਟੀਫ਼ਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਇਸ ਯੋਜਨਾ ਦਾ ਮਕਸਦ ਕਿਸਾਨਾਂ ਨੂੰ ਸਮਾਰਟਫੋਨ ਖਰੀਦਣ ਲਈ ਪ੍ਰੇਰਿਤ ਕਰਨਾ ਹੈ, ਤਾਂ ਕਿ ਖੇਤੀ ਖੇਤਰ ਵਿਚ ਜਦੋਂ ਡਿਜੀਟਲ ਸੇਵਾ ਦਾ ਪ੍ਰਚਲਨ ਵੱਧ ਰਿਹਾ ਹੈ ਤਾਂ ਉਹ ਅਜਿਹੇ ਸਮੇਂ ਵਿਚ ਇਸ ਦਾ ਇਸਤੇਮਾਲ ਖੇਤੀ ਆਮਦਨ ਵਧਾਉਣ ’ਚ ਕਰ ਸਕਣ।
ਸੂਬਾ ਖੇਤੀ, ਕਿਸਾਨ ਕਲਿਆਣ ਅਤੇ ਸਹਿਕਾਰਤਾ ਵਿਭਾਗ ਵਲੋਂ ਸ਼ਨੀਵਾਰ ਨੂੰ ਜਾਰੀ ਸਰਕਾਰੀ ਪ੍ਰਸਤਾਵ ’ਚ ਕਿਹਾ ਗਿਆ ਹੈ ਕਿ ਗੁਜਰਾਤ ਵਿਚ ਜ਼ਮੀਨ ਦਾ ਮਾਲਕ ਕੋਈ ਵੀ ਕਿਸਾਨ ਸਮਾਰਟਫੋਨ ਦੀ ਕੁੱਲ ਲਾਗਤ ਦੇ 10 ਫ਼ੀਸਦੀ (1500 ਰੁਪਏ ਤੋਂ ਜ਼ਿਆਦਾ ਨਹੀਂ) ਦੀ ਮਦਦ ਲਈ ‘ਆਈ-ਖੇਦੂਤ’ ਵੈੱਬਸਾਈਟ ’ਤੇ ਬੇਨਤੀ ਕਰ ਸਕਦੇ ਹਨ। ਨੋਟੀਫ਼ਿਕੇਸ਼ਨ ਵਿਚ ਦੱਸਿਆ ਗਿਆ ਹੈ ਕਿ ਇਹ ਮਦਦ ਸਿਰਫ਼ ਸਮਾਰਟਫੋਨ ਲਈ ਉਪਲੱਬਧ ਹੈ ਅਤੇ ਇਸ ਨਾਲ ਜੁੜੇ ਯੰਤਰਾਂ ਜਿਵੇਂ ਕਿ ਪਾਵਰ ਬੈਕਅੱਪ, ਈਅਰਫੋਨ ਜਾਂ ਚਾਰਜਰ ਆਦਿ ਲਈ ਉਪਲੱਬਧ ਨਹੀਂ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            