ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ 6 ਦਿਨਾਂ ਦੌਰੇ 'ਤੇ ਪੁੱਜੇ ਇਜ਼ਰਾਇਲ
Wednesday, Jun 27, 2018 - 12:08 PM (IST)

ਯੇਰੂਸ਼ਲਮ,(ਭਾਸ਼ਾ)— ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਇਜ਼ਰਾਇਲ ਦੀ ਛੇ ਦਿਨਾਂ ਦੀ ਯਾਤਰਾ 'ਤੇ ਇੱਥੇ ਪੁੱਜੇ ਹਨ। ਇਸ ਦੌਰਾਨ ਉਹ ਯਹੂਦੀ ਰਾਸ਼ਟਰ ਨਾਲ ਅੰਦਰੂਨੀ ਸੁਰੱਖਿਆ, ਪਾਣੀ ਦੇ ਪ੍ਰਬੰਧਨ ਅਤੇ ਖੇਤੀ ਵਰਗੇ ਖੇਤਰਾਂ 'ਚ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦੇਣਗੇ। ਰੂਪਾਨੀ ਦੀ ਮੁੱਖ ਮੰਤਰੀ ਦੇ ਰੂਪ 'ਚ ਇਹ ਪਹਿਲੀ ਵਿਦੇਸ਼ ਯਾਤਰਾ ਹੈ। ਜ਼ਿਕਰਯੋਗ ਹੈ ਕਿ ਜਨਵਰੀ 'ਚ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਗੁਜਰਾਤ ਆਏ ਸਨ। ਮੁੱਖ ਮੰਤਰੀ ਨਾਲ ਆਏ ਵਫਦ 'ਚ ਸੁਰੱਖਿਆ, ਖੇਤੀ ਅਤੇ ਪਾਣੀ ਪ੍ਰਬੰਧਾਂ ਨਾਲ ਜੁੜੇ ਵਿਭਾਗਾਂ ਦੇ ਉੱਚ ਅਧਿਕਾਰੀ ਅਤੇ ਸੂਬੇ ਦੇ ਕਈ ਉਦਯੋਗਪਤੀ ਸ਼ਾਮਲ ਹਨ। ਖੇਤੀ ਰਾਜ ਮੰਤਰੀ ਜੈਦਰਥ ਸਿੰਘ ਪਰਮਾਰ ਵੀ ਰੂਪਾਨੀ ਨਾਲ ਆਏ ਹਨ।
ਰੂਪਾਨੀ ਅਤੇ ਉਨ੍ਹਾਂ ਦਾ ਵਫਦ ਇਕ ਜੁਲਾਈ ਤਕ ਯਹੂਦੀ ਰਾਸ਼ਟਰ 'ਚ ਰੁਕੇਗਾ। ਭਾਰਤ 'ਚ ਇਜ਼ਰਾਇਲ ਦੇ ਅੰਬੈਸਡਰ ਡੈਨੀਅਲ ਕੈਰਮਨ ਨੇ ਕਿਹਾ,''ਸਾਨੂੰ ਗੁਜਰਾਤ ਨਾਲ ਆਪਣੀ ਮਜ਼ਬੂਤ ਸਾਂਝੇਦਾਰੀ ਨੂੰ ਜਾਰੀ ਰੱਖਦੇ ਹੋਏ ਪ੍ਰਸੰਨਤਾ ਹੋ ਰਹੀ ਹੈ। ਗੁਜਰਾਤ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਵਫਦ ਦੀ ਮੇਜ਼ਬਾਨੀ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ। ਅਸੀਂ ਭਾਰਤ ਸਰਕਾਰ, ਗੁਜਰਾਤ ਸਰਕਾਰ ਅਤੇ ਹੋਰ ਸੂਬਿਆਂ ਨਾਲ ਮਿਲ ਕੇ ਕੰਮ ਕਰਨ ਦੇ ਇਛੁੱਕ ਹਾਂ।'' ਜਾਣਕਾਰੀ ਮੁਤਾਬਕ ਆਪਣੀ ਯਾਤਰਾ ਦੌਰਾਨ ਰੂਪਾਨੀ 1980 ਦੇ ਦਹਾਕੇ 'ਚ ਇਜ਼ਰਾਇਲ 'ਚ ਵੱਸ ਰਹੇ ਗੁਜਰਾਤੀ ਉਦਯੋਗਪਤੀਆਂ ਨੂੰ ਮਿਲਣਗੇ।