ਗੁਜਰਾਤ : ਕੈਡਿਲਾ ਫਾਰਮਾ ਦੇ ਤਿੰਨ ਕਾਮਿਆਂ ਦੀ ਕੋਰੋਨਾ ਨਾਲ ਮੌਤ
Saturday, May 23, 2020 - 01:29 PM (IST)
ਅਹਿਮਦਾਬਾਦ- ਅਹਿਮਦਾਬਾਦ ਕੋਲ ਢੋਲਕਾ 'ਚ ਦਵਾਈ ਕੰਪਨੀ ਕੈਡਿਲਾ ਫਾਰਮਾਸਊਟਿਕਲਸ ਦੇ ਕਾਰਖਾਨੇ ਦੇ ਤਿੰਨ ਕਾਮਿਆਂ ਦੀ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਮੌਤ ਹੋ ਗਈ। ਕੰਪਨੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕੰਪਨੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਮ੍ਰਿਤਕ ਕੰਪਨੀ ਦੇ ਉਤਪਾਦਨ ਅਤੇ ਪੈਕੇਜਿੰਗ ਵਿਭਾਗ ਦੇ ਕਾਮੇ ਸਨ। ਇਸ ਮਹੀਨੇ ਦੀ ਸ਼ੁਰੂਆਤ 'ਚ ਫਾਰਮਾ ਕੰਪਨੀ ਦੀ ਢੋਲਕਾ ਸਥਿਤ ਉਤਪਾਦਨ ਇਕਾਈ ਦੇ ਘੱਟੋ-ਘੱਟ 26 ਕਰਮਚਾਰੀ ਖਤਰਨਾਕ ਵਾਇਰਸ ਨਾਲ ਇਨਫੈਕਟਡ ਪਾਏ ਗਏ ਸਨ।
ਬੁਲਾਰੇ ਨੇ ਕਿਹਾ,''ਕੰਪਨੀ ਕੋਵਿਡ-19 ਕਾਰਨ ਆਪਣੇ ਤਿੰਨ ਕਾਮਿਆਂ ਦੀ ਜਾਨ ਜਾਣ ਤੋਂ ਦੁਖੀ ਹੈ।'' ਉਨ੍ਹਾਂ ਨੇ ਕਿਹਾ ਕਿ ਇਕ ਮ੍ਰਿਤ ਕਾਮਿਆਂ ਨੂੰ ਹਾਲ ਹੀ 'ਚ 20 ਹੋਰ ਲੋਕਾਂ ਨਾਲ ਘਰ 'ਚ ਵੱਖ ਰੱਖਿਆ ਗਿਆ ਸੀ, ਜਦੋਂ ਕਿ 2 ਹੋਰ ਦਾ ਸੋਲਾ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਬੁਲਾਰੇ ਨੇ ਦੱਸਿਆ ਕਿ ਕੰਪਨੀ ਨੇ ਆਪਣਾ ਖੁਦ ਦਾ ਕੁਆਰੰਟੀਨ ਸੈਂਟਰ ਸਥਾਪਤ ਕੀਤਾ ਅਤੇ ਹੋਰ ਕੁਆਰੰਟੀਨ ਕੇਂਦਰਾਂ 'ਚ ਰਹਿ ਰਹੇ ਕਰਮਚਾਰੀਆਂ ਨੂੰ ਇਸ ਕੇਂਦਰ 'ਚ ਆ ਕੇ ਰਹਿਣ ਦਾ ਬਦਲ ਦਿੱਤਾ ਸੀ। ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਅਹਿਮਦਾਬਾਦ ਜ਼ਿਲੇ 'ਚ ਹੁਣ ਤੱਕ ਇਨਫੈਕਸ਼ਨ ਦੇ 9,274 ਮਾਮਲੇ ਸਾਹਮਣੇ ਆਏ ਹਨ ਅਤੇ 645 ਲੋਕਾਂ ਦੀ ਮੌਤ ਹੋ ਚੁਕੀ ਹੈ।