ਦੇਖਭਾਲ ਕਰਨ ਵਾਲੀ ਬੀਬੀ ਵੱਲੋਂ 8 ਮਹੀਨੇ ਦੇ ਬੱਚੇ ਦੀ ਬੁਰੀ ਤਰ੍ਹਾਂ ਕੁੱਟਮਾਰ, ਹਸਪਤਾਲ ’ਚ ਦਾਖ਼ਲ
Saturday, Feb 05, 2022 - 05:38 PM (IST)
ਸੂਰਤ (ਭਾਸ਼ਾ)— ਗੁਜਰਾਤ ਦੇ ਸੂਰਤ ਸ਼ਹਿਰ ’ਚ 8 ਮਹੀਨੇ ਦੇ ਇਕ ਬੱਚੇ ਦੀ ਕੇਅਰ ਟੇਕਰ (ਦੇਖਭਾਲ ਕਰਨ ਵਾਲੀ ਬੀਬੀ) ਵਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਗੰਭੀਰ ਰੂਪ ਨਾਲ ਜ਼ਖਮੀ ਪੀੜਤ ਬੱਚੇ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਘਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਪੁਲਸ ਨੇ ਸ਼ਨੀਵਾਰ ਯਾਨੀ ਕਿ ਅੱਜ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕੇਅਰ ਟੇਕਰ ਬੀਬੀ ਦੀ ਪਛਾਣ ਕੋਮਲ ਟੰਡੇਲਕਰ ਦੇ ਰੂਪ ’ਚ ਹੋਈ ਹੈ। ਉਸ ਨੂੰ ਬੱਚੇ ਦੇ ਕਤਲ ਦੀ ਕੋਸ਼ਿਸ਼ ਦੇ ਦੋਸ਼ ’ਚ ਹਿਰਾਸਤ ’ਚ ਲਿਆ ਗਿਆ ਹੈ।
ਬੱਚੇ ਨੂੰ ਹੋਇਆ ਬਰੇਨ ਹੈਮਰੇਜ-
ਓਧਰ ਰਾਂਦੇਰ ਥਾਣੇ ਦੇ ਪੁਲਸ ਇੰਸਪੈਕਟਰ ਪੀ. ਐੱਲ. ਚੌਧਰੀ ਨੇ ਦੱਸਿਆ ਕਿ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਦੇ ਡਾਕਟਰਾਂ ਮੁਤਾਬਕ ਬੱਚੇ ਨੂੰ ਬਰੇਨ ਹੈਮਰੇਜ ਹੋਇਆ ਹੈ। 8 ਮਹੀਨੇ ਦਾ ਇਹ ਬੱਚਾ ਕੰਮਕਾਜੀ ਪਤੀ-ਪਤਨੀ ਦੇ ਜੁੜਵਾਂ ਬੱਚਿਆਂ ’ਚੋਂ ਇਕ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ. ਸੀ. ਪੀ. ਜ਼ੈੱਡ. ਆਰ. ਦੇਸਾਈ ਨੇ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਕੋਮਲ ਖ਼ਿਲਾਫ਼ ਇਕ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
ਗੁਆਂਢੀਆਂ ਨੇ ਸੁਣੀਆਂ ਬੱਚੇ ਦੇ ਰੋਣ ਦੀਆਂ ਆਵਾਜ਼ਾਂ-
ਵੀਡੀਓ ਫੁਟੇਜ ਵਿਚ ਲੱਗਭਗ ਡੇਢ ਮਿੰਟ ਤੱਕ ਬੱਚੇ ਨੂੰ ਗੋਦ ’ਚ ਕੁੱਟਦੇ ਹੋਏ, ਕੰਨ ਪੁੱਟਦੇ ਅਤੇ ਵਾਰ-ਵਾਰ ਬਿਸਤਰੇ ’ਤੇ ਸੁੱਟਦੇ ਵੇਖਿਆ ਜਾ ਸਕਦਾ ਹੈ। ਇਹ ਕਤਲ ਦੀ ਕੋਸ਼ਿਸ਼ ਦਾ ਮਾਮਲਾ ਲੱਗਦਾ ਹੈ। ਏ. ਸੀ. ਪੀ. ਨੇ ਕਿਹਾ ਕਿ ਜੋੜੇ ਨੇ ਜੁੜਵਾਂ ਬੱਚਿਆਂ ਨੂੰ ਜਨਮ ਦੇਣ ਦੇ ਚਾਰ ਮਹੀਨੇ ਬਾਅਦ ਪਿਛਲੇ ਸਾਲ ਸਤੰਬਰ ’ਚ ਕੇਅਰ ਟੇਕਰ ਬੀਬੀ ਨੂੰ ਕੰਮ ’ਤੇ ਰੱਖਿਆ ਸੀ। ਦੇਸਾਈ ਨੇ ਕਿਹਾ ਕਿ ਬੱਚੇ ਦੇ ਪਿਤਾ ਮਿਤੇਸ਼ ਪਟੇਲ ਨੇ ਦੋ ਦਿਨ ਪਹਿਲਾਂ ਹੀ ਆਪਣੇ ਘਰ ਵਿਚ ਸੀ. ਸੀ. ਟੀ. ਵੀ. ਕੈਮਰਾ ਲਗਵਾਇਆ ਸੀ। ਜਦੋਂ ਉਸ ਦੇ ਗੁਆਂਢੀਆਂ ਨੂੰ ਬੱਚਿਆਂ ਦੇ ਰੋਣ ਦੀ ਆਵਾਜ਼ ਸੁਣਨ ਦੀ ਸ਼ਿਕਾਇਤ ਕੀਤੀ ਸੀ।
ਬੱਚੇ ਦੇ ਕੰਨ ਪੁੱਟਦੇ ਹੋਏ ਬਿਸਤਰੇ ’ਤੇ ਸੁੱਟਿਆ ਗਿਆ-
ਦੇਸਾਈ ਨੇ ਕਿਹਾ ਕਿ ਕੱਲ ਜਦੋਂ ਪਟੇਲ ਕੰਮ ’ਤੇ ਸੀ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਮਾਂ ਦਾ ਫੋਨ ਆਇਆ, ਜਿਨ੍ਹਾਂ ਨੇ ਸੂਚਿਤ ਕੀਤਾ ਕਿ ਇਕ ਬੱਚਾ ਰੋ ਰਿਹਾ ਹੈ ਅਤੇ ਬੇਹੋਸ਼ ਹੋ ਰਿਹਾ ਹੈ। ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਬਾਅਦ ’ਚ ਪਰਿਵਾਰ ਦੇ ਮੈਂਬਰਾਂ ਨੇ ਸੀ. ਸੀ. ਟੀ. ਵੀ. ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਨੇ ਕੇਅਰ ਟੇਕਰ ਬੀਬੀ ਨੂੰ ਬੱਚੇ ਦੀ ਕੁੱਟਮਾਰ ਕਰਦੇ ਹੋਏ, ਉਸ ਦੇ ਕੰਨ ਪੁੱਟਦੇ ਹੋਏ ਅਤੇ ਬਿਸਤਰੇ ’ਤੇ ਸੁੱਟਦੇ ਹੋਏ ਵੇਖਿਆ। ਇਸ ਤੋਂ ਬਾਅਦ ਬੱਚੇ ਦੇ ਪਿਤਾ ਪਟੇਲ ਨੇ ਪੁਲਸ ਨਾਲ ਸੰਪਰਕ ਕੀਤਾ ਅਤੇ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਕਿਹਾ ਕਿ ਪੁੱਛ-ਗਿੱਛ ਦੌਰਾਨ ਅਸੀਂ ਮਹਿਸੂਸ ਕੀਤਾ ਕਿ ਮਹਿਲਾ ਕੇਅਰ ਟੇਕਰ ਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ ਹੋਇਆ।
ਕੇਅਰ ਟੇਕਰ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਅਤੇ 323 (ਜਾਣਬੁੱਝ ਕੇ ਸੱਟਾਂ ਪਹੁੰਚਾਉਣ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਹਿਲਾ ਨੂੰ ਹਿਰਾਸਤ ’ਚ ਲਿਆ ਗਿਆ ਹੈ। ਉਸ ਦੀ ਕੋਵਿਡ-19 ਜਾਂਚ ਰਿਪੋਰਟ ਮਿਲਣ ਮਗਰੋਂ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਜਾਵੇਗਾ।