ਸਫ਼ਾਈ ਕਾਮੇ ਦੀ ਈਮਾਨਦਾਰੀ ਅੱਗੇ ਫਿੱਕਾ ਪਏ ਲੱਖਾਂ ਰੁਪਏ, ਡਾਲਰਾਂ ਨਾਲ ਭਰਿਆ ਬੈਗ ਕੀਤਾ ਵਾਪਸ
Thursday, Jun 17, 2021 - 04:43 PM (IST)
ਅਹਿਮਦਾਬਾਦ (ਭਾਸ਼ਾ)— ਗੁਜਰਾਤ ਦੇ ਅਹਿਮਦਾਬਾਦ ਵਿਚ ਸਰਦਾਰ ਵੱਲਭ ਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ਦੇ ਇਕ ਸਫਾਈ ਕਾਮੇ ਨੂੰ 750 ਡਾਲਰ ਨਾਲ ਭਰਿਆ ਇਕ ਬੈਗ ਮਿਲਿਆ। ਇਸ ਤੋਂ ਬਾਅਦ ਉਸ ਨੇ ਚੌਕਸੀ ਵਿਖਾਉਂਦੇ ਹੋਏ ਉਕਤ ਬੈਗ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐੱਸ. ਐੱਫ.) ਦੀ ਮਦਦ ਨਾਲ ਉਸ ਨੂੰ ਉਸ ਦੇ ਸਹੀ ਮਾਲਕ ਨੂੰ ਵਾਪਸ ਕਰ ਦਿੱਤਾ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਹਵਾਈ ਅੱਡੇ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਹਵਾਈ ਅੱਡੇ ’ਤੇ ਵਰਕਰ ਜੇ. ਕੇ. ਚਾਵੜਾ ਨੂੰ ਸੁਰੱਖਿਆ ਜਾਂਚ ਕੇਂਦਰ ’ਤੇ ਇਸਤੇਮਾਲ ਹੋਣ ਵਾਲੇ ‘ਟਰੇਅ’ ਦੀ ਸਫਾਈ ਦਾ ਕੰਮ ਦਿੱਤਾ ਗਿਆ ਸੀ। ਇਸ ਦੌਰਾਨ ਜੇ. ਕੀ. ਨੂੰ ਬੁੱਧਵਾਰ ਸ਼ਾਮ ਪਲਾਸਟਿਕ ਬੈਗ ’ਚ 750 ਡਾਲਰ ਨਾਲ ਭਰਿਆ ਬੈਗ ਮਿਲਿਆ।
ਚਾਵੜਾ ਨੇ ਸੋਚਿਆ ਕਿ ਕੋਈ ਯਾਤਰੀ ਸੁਰੱਖਿਆ ਜਾਂਚ ਪੂਰੀ ਕਰਨ ਤੋਂ ਬਾਅਦ ਆਪਣਾ ਬੈਗ ਭੁੱਲ ਗਿਆ ਹੋਵੇਗਾ। ਉਸ ਤੋਂ ਬਾਅਦ ਤੁਰੰਤ ਇਸ ਨੂੰ ਇਕ ਸੀ. ਆਈ. ਐੱਸ. ਐੱਫ. ਅਧਿਕਾਰੀ ਨੂੰ ਸੌਂਪ ਦਿੱਤਾ। ਬਿਆਨ ਵਿਚ ਕਿਹਾ ਗਿਆ ਕਿ ਅਧਿਕਾਰੀ ਨੇ ਸੀ. ਸੀ. ਟੀ. ਵੀ. ਫੁਟੇਜ ਦੇ ਜ਼ਰੀਏ ਉਕਤ ਯਾਤਰੀ ਦੀ ਪਛਾਣ ਕੀਤੀ, ਜੋ ਇਹ ਪੈਕਟ ਲੈਣਾ ਭੁੱਲ ਗਿਆ ਸੀ। ਬੈਗ ਵਿਚ ਰੱਖੇ ਡਾਲਰਾਂ ਦੀ ਕੀਮਤ 50,000 ਰੁਪਏ ਤੋਂ ਵੱਧ ਸੀ।