ਗੁਜਰਾਤ : 4 ਰਾਜ ਸਭਾ ਸੀਟਾਂ ਲਈ ਵੋਟਿੰਗ ਸ਼ੁਰੂ
Friday, Jun 19, 2020 - 11:24 AM (IST)
ਗਾਂਧੀਨਗਰ (ਭਾਸ਼ਾ) : ਗੁਜਰਾਤ ਵਿਚ ਰਾਜ ਸਭਾ ਦੀਆਂ 4 ਸੀਟਾਂ ਲਈ ਵੋਟਿੰਗ ਸ਼ੁੱਕਰਵਾਰ ਨੂੰ ਸ਼ੁਰੂ ਹੋ ਗਈ। ਇੱਥੇ ਕਾਂਗਰਸ ਅਤੇ ਭਾਜਪਾ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ, ਕਿਉਂਕਿ ਦੋਵਾਂ ਹੀ ਪਾਰਟੀਆਂ ਵਿਚੋਂ ਕਿਸੇ ਦੇ ਕੋਲ ਵੀ ਪੂਰੀ ਗਿਣਤੀ ਨਹੀਂ ਹੈ। ਭਾਜਪਾ ਨੇ 4 ਸੀਟਾਂ ਲਈ 3 ਉਮੀਦਵਾਰ ਉਤਾਰੇ ਹਨ, ਉਥੇ ਹੀ ਕਾਂਗਰਸ ਨੇ 2 ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ। ਭਾਜਪਾ ਇੱਥੇ ਆਪਣੀ ਗਿਣਤੀ ਮੁਤਾਬਕ 2 ਸੀਟਾਂ 'ਤੇ ਆਸਾਨੀ ਨਾਲ ਜਿੱਤ ਸਕਦੀ ਹੈ, ਜਦੋਂਕਿ ਕਾਂਗਰਸ ਨੂੰ ਵੀ ਇਕ ਸੀਟ ਮਿਲ ਸਕਦੀ ਹੈ ਪਰ ਚੌਥੀ ਸੀਟ ਲਈ ਦੋਵਾਂ ਪਾਰਟੀਆਂ ਵਿਚਾਲੇ ਸਖ਼ਤ ਮੁਕਾਬਲਾ ਹੈ। ਦੋਵਾਂ ਹੀ ਪਾਰਟੀਆਂ ਨੇ ਉਮੀਦ ਜਤਾਈ ਹੈ ਕਿ ਉਨ੍ਹਾਂ ਦੇ ਸਾਰੇ ਉਮੀਦਵਾਰ ਰਾਜ ਸਭਾ ਚੋਣ ਜਿੱਤ ਜਾਣਗੇ।
ਭਾਜਪਾ ਨੇ ਅਭੈ ਭਾਰਦਵਾਜ, ਰਮੀਲਾ ਬਾਰਾ ਅਤੇ ਨਰਹਰਿ ਅਮੀਨ ਨੂੰ ਉਤਾਰਿਆ ਹੈ, ਜਦੋਂਕਿ ਕਾਂਗਰਸ ਵੱਲੋਂ ਸ਼ਕਤੀ ਸਿੰਘ ਗੋਹਿਲ ਅਤੇ ਭਰਤਸਿੰਘ ਸੋਲੰਕੀ ਮੈਦਾਨ ਵਿਚ ਹਨ। ਚੋਣ ਕਮਿਸ਼ਨ ਨੇ ਚੋਣ ਨਾਲ ਜੁੜੀ ਵਿਸਤ੍ਰਿਤ ਤਿਆਰੀ ਕੀਤੀ ਹੈ, ਕਿਉਂਕਿ ਇਹ ਚੋਣ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਆਜੋਜਿਤ ਕੀਤੀ ਜਾ ਰਹੀ ਹੈ। ਇੱਥੇ ਵਿਧਾਇਕਾਂ ਦੇ ਸਰੀਰ ਦੇ ਤਾਪਮਾਨ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਲਈ ਮਾਸਕ ਪਹਿਨਣ ਅਤੇ ਸਾਮਾਜਕ ਦੂਰੀ ਦਾ ਪਾਲਣ ਕਰਨਾ ਲਾਜ਼ਮੀ ਹੈ। ਜਿਨ੍ਹਾਂ ਵਿਧਾਇਕਾਂ ਨੂੰ ਬੁਖਾਰ ਜਾਂ ਹੋਰ ਲੱਛਣ ਹਨ, ਉਨ੍ਹਾਂ ਲਈ ਵੇਟਿੰਗ ਰੂਮ ਬਣਾਇਆ ਗਿਆ ਹੈ। ਪਹਿਲਾਂ ਕਾਂਗਰਸ ਦੇ ਇਕ ਵਿਧਾਇਕ ਅਤੇ ਭਾਜਪਾ ਦੇ 3 ਵਿਧਾਇਕ ਇਸ ਖਤਰਨਾਕ ਵਾਇਰਸ ਨਾਲ ਪੀੜਤ ਹੋ ਚੁੱਕੇ ਹਨ ਪਰ ਉਹ ਸਾਰੇ ਹੁਣ ਠੀਕ ਹਨ। ਗਿਣਤੀ ਦੇ ਹਿਸਾਬ ਨਾਲ ਹਰ ਇਕ ਉਮੀਦਵਾਰ ਨੂੰ ਚੋਣ ਜਿੱਤਣ ਲਈ 35 ਵਿਧਾਇਕਾਂ ਦੇ ਸਮਰਥਨ ਦੀ ਜ਼ਰੂਰਤ ਹੋਵੇਗੀ। ਭਾਜਪਾ ਕੋਲ 103 ਵਿਧਾਇਕ ਹਨ। ਕਾਂਗਰਸ ਕੋਲ 65, ਭਾਰਤੀ ਟਰਾਈਬਲ ਪਾਰਟੀ ਕੋਲ 2, ਰਾਕਾਂਪਾ ਕੋਲ 1 ਸੀਟ ਹੈ, ਉਥੇ ਹੀ ਇਕ ਸੀਟ ਆਜਾਦ ਵਿਧਾਇਕ ਜਿਗਨੇਸ਼ ਮੇਵਾਨੀ ਕੀਤੀ ਹੈ। ਹਾਲਾਂਕਿ 182 ਮੈਂਬਰੀ ਸਦਨ ਵਿਚ ਅਜੇ ਸਿਰਫ 172 ਮੈਂਬਰ ਹਨ ਕਿਉਂਕਿ 10 ਸੀਟਾਂ ਖਾਲ੍ਹੀ ਹਨ, ਜਿਨ੍ਹਾਂ ਵਿਚੋਂ 8 ਕਾਂਗਰਸ ਵਿਧਾਇਕਾਂ ਦੇ ਅਸਤੀਫੇ ਕਾਰਨ ਅਤੇ 2 ਅਦਾਲਤ ਵਿਚ ਮਾਮਲਿਆਂ ਦੀ ਵਜ੍ਹਾ ਨਾਲ ਖਾਲ੍ਹੀ ਹਨ। ਵੋਟਾਂ ਦੀ ਗਿਣਤੀ ਸ਼ਾਮ 5 ਵਜੇ ਤੋਂ ਹੋਵੇਗੀ।