ਨਦੀ ''ਚ ਰੁੜ੍ਹ ਗਈ ਟਰੈਕਟਰ-ਟਰਾਲੀ; 10 ਲੋਕਾਂ ਨੂੰ ਬਚਾਇਆ ਗਿਆ, 7 ਦੀ ਭਾਲ ਜਾਰੀ

Monday, Aug 26, 2024 - 03:18 PM (IST)

ਨਦੀ ''ਚ ਰੁੜ੍ਹ ਗਈ ਟਰੈਕਟਰ-ਟਰਾਲੀ; 10 ਲੋਕਾਂ ਨੂੰ ਬਚਾਇਆ ਗਿਆ, 7 ਦੀ ਭਾਲ ਜਾਰੀ

ਮੋਰਬੀ- ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿਚ ਮੋਹਲੇਧਾਰ ਮੀਂਹ ਦਰਮਿਆਨ ਪਾਣੀ 'ਚ ਡੁੱਬੇ ਪੁਲ ਨੂੰ ਪਾਰ ਕਰਦਿਆਂ ਟਰੈਕਟਰ-ਟਰਾਲੀ ਸਮੇਤ 17 ਲੋਕ ਵਹਿ ਗਏ। NDRF ਦੀ ਟੀਮ ਨੇ ਧਾਵਨਾ ਪਿੰਡ ਕੋਲ ਵਾਪਰੀ ਇਸ ਘਟਨਾ 'ਚ ਟਰਾਲੀ 'ਤੇ ਸਵਾਰ 17 ਲੋਕਾਂ ਵਿਚੋਂ 10 ਨੂੰ ਦੇਰ ਰਾਤ ਚਲਾਈ ਗਈ ਮੁਹਿੰਮ ਦੌਰਾਨ ਬਚਾ ਲਿਆ ਗਿਆ ਅਤੇ ਬਾਕੀ 7 ਦੀ ਭਾਲ ਜਾਰੀ ਹੈ। ਮੋਰਬੀ ਦੇ ਫਾਇਰ ਬ੍ਰਿਗੇਡ ਅਧਿਕਾਰੀ ਦੇਵੇਂਦਰ ਸਿੰਘ ਜਡੇਜਾ ਨੇ ਕਿਹਾ ਕਿ ਮੋਰਬੀ ਜ਼ਿਲ੍ਹੇ ਦੇ ਹਲਵਾਡ ਤਾਲੁਕਾ ਦੇ ਧਾਵਨਾ ਪਿੰਡ ਕੋਲ ਐਤਵਾਰ ਰਾਤ ਕਰੀਬ 9 ਵਜੇ ਇਕ ਨਦੀ 'ਤੇ ਬਣੇ ਪੁਲ ਨੂੰ ਪਾਰ ਕਰਦੇ ਸਮੇਂ ਟਰੈਕਟਰ-ਟਰਾਲੀ ਵਹਿ ਗਈ, ਜਿਸ 'ਤੇ 17 ਲੋਕ ਸਵਾਰ ਸਨ। 10 ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਉੱਥੇ ਹੀ 7 ਹੋਰ ਲੋਕ ਲਾਪਤਾ ਹਨ।

ਅਧਿਕਾਰੀ ਨੇ ਦੱਸਿਆ ਕਿ ਸੂਬਾ ਆਫ਼ਤ ਮੋਚਨ ਬਲ (SDRF) ਅਤੇ NDRF ਦੇ ਕਰਮੀ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਗੁਜਰਾਤ ਦੇ ਕਈ ਹਿੱਸਿਆਂ 'ਚ ਸੋਮਵਾਰ ਨੂੰ ਸਵੇਰੇ 6 ਵਜੇ ਤੱਕ ਪਿਛਲੇ 24 ਘੰਟਿਆਂ ਵਿਚ ਮੋਹਲੇਧਾਰ ਮੀਂਹ ਪਿਆ ਹੈ, ਜਿਸ ਕਾਰਨ ਨਦੀਆਂ ਦੇ ਪਾਣੀ ਦਾ ਪੱਧਰ ਵਧ ਜਾਣ ਕਾਰਨ ਨਵਸਾਰੀ ਅਤੇ ਵਲਸਾਡ ਜ਼ਿਲ੍ਹਿਆਂ  ਦੇ ਹੇਠਲੇ ਇਲਾਕੇ ਪਾਣੀ ਨਾਲ ਭਰ ਗਏ ਹਨ। ਅਜਿਹੇ ਵਿਚ ਸੈਂਕੜੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣਾ ਪਿਆ ਹੈ। ਸੂਬਾ ਐਮਰਜੈਂਸੀ ਪਰਿਚਾਲਨ ਕੇਂਦਰ ਦੇ ਅੰਕੜਿਆਂ ਮੁਤਾਬਕ ਸੋਮਵਾਰ ਨੂੰ ਸਵੇਰੇ 6 ਵਜੇ ਤੱਕ ਪਿਛਲੇ 24 ਘੰਟਿਆਂ ਵਿਚ ਸਭ ਤੋਂ ਵੱਧ 356 ਮਿਲੀਮੀਟਰ ਮੀਂਹ ਨਵਸਾਰੀ ਜ਼ਿਲ੍ਹੇ ਦੇ ਖੇਰਗਾਮ ਤਾਲੁਕਾ ਵਿਚ ਦਰਜ ਕੀਤਾ ਗਿਆ ਹੈ।

ਮੁੱਖ ਮੰਤਰੀ ਦਫ਼ਤਰ (CMO) ਨੇ ਕਿਹਾ ਕਿ ਪਟੇਲ ਨੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਚੌਕਸ ਰਹਿਣ ਅਤੇ ਮੀਂਹ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਕੇ ਲੋਕਾਂ ਅਤੇ ਉਨ੍ਹਾਂ ਦੇ ਜਾਨਵਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਸੂਬੇ 'ਚ ਹੋਰ ਮੀਂਹ ਦੀ ਭਵਿੱਖਬਾਣੀ ਦਰਮਿਆਨ ਮੁੱਖ ਸਕੱਤਰ ਰਾਜ ਕੁਮਾਰ ਨੇ ਐਤਵਾਰ ਸ਼ਾਮ ਨੂੰ ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਭਾਰਤੀ ਮੌਸਮ ਵਿਭਾਗ ਨੇ ਅਗਲੇ ਹਫ਼ਤੇ ਗੁਜਰਾਤ ਵਿਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।


author

Tanu

Content Editor

Related News