ਕ੍ਰਿਕਟ ਮੈਚ ਖੇਡਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝੜਪ, ਬਜ਼ੁਰਗ ਦੀ ਮੌਤ, 7 ਗ੍ਰਿਫ਼ਤਾਰ
Saturday, Mar 19, 2022 - 01:49 PM (IST)
ਨਵਸਾਰੀ- ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਦੇ ਪਿੰਡ ਸੰਦਲਪੁਰ ’ਚ ਕ੍ਰਿਕਟ ਮੈਚ ਖੇਡਣ ਨੂੰ ਲੈ ਕੇ ਦੋ ਧਿਰਾਂ ਵਿਚ ਝੜਪ ਹੋ ਗਈ, ਇਸ ਦੌਰਾਨ ਇਕ 65 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਾਮਲੇ ਵਿਚ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਵਸਾਰੀ ਦੇ ਡਿਪਟੀ ਸੁਪਰਡੈਂਟ ਆਫ ਪੁਲਸ ਐਸ. ਕੇ. ਰਾਏ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਦੋ ਧਿਰਾਂ ਵਿਚਾਲੇ ਬਹਿਸ ਤੋਂ ਬਾਅਦ ਵਾਪਰੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਕ੍ਰਿਕਟ ਮੈਚ ਖੇਡਣ ਨੂੰ ਲੈ ਕੇ ਦੋ ਧਿਰਾਂ ਦੇ ਮੈਂਬਰਾਂ ਵਿਚਕਾਰ ਬਹਿਸ ਛਿੜ ਗਈ।’’
ਸ਼ੁੱਕਰਵਾਰ ਦੀ ਸ਼ਾਮ ਨੂੰ ਦੋਵੇਂ ਧਿਰਾਂ ਦੇ ਲੋਕ ਇਕੱਠੇ ਹੋ ਗਏ ਅਤੇ ਇਕ-ਦੂਜੇ 'ਤੇ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਝਗੜੇ ’ਚ ਇਕ 65 ਸਾਲਾ ਵਿਅਕਤੀ ਦੀ ਮੌਤ ਹੋ ਗਈ। ਰਾਏ ਮੁਤਾਬਕ ਦੋਵਾਂ ਧਿਰਾਂ ਦੇ ਮੈਂਬਰਾਂ ਨੇ ਇਕ ਦੂਜੇ ਵਿਰੁੱਧ ਐਫ. ਆਈ. ਆਰ. ਦਰਜ ਕਰਵਾਈ, ਜਿਸ ਤੋਂ ਬਾਅਦ 32 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਅਤੇ ਉਨ੍ਹਾਂ ਵਿਚੋਂ 7 ਨੂੰ ਗ੍ਰਿਫਤਾਰ ਕੀਤਾ ਗਿਆ।
ਪੁਲਸ ਮੁਤਾਬਕ ਕਾਲੂ ਭਰਵਾੜ ਨਾਮੀ ਵਿਅਕਤੀ ਵੱਲੋਂ ਆਈ. ਪੀ. ਸੀ. ਦੀ ਧਾਰਾ 302 (ਕਤਲ), 143 (ਗੈਰ-ਕਾਨੂੰਨੀ ਇਕੱਠ) ਅਤੇ ਮਾਰੂ ਹਥਿਆਰਾਂ ਨਾਲ ਦੰਗਾ ਕਰਨ ਦੇ ਤਹਿਤ 17 ਲੋਕਾਂ ਖ਼ਿਲਾਫ਼ ਦਰਜ ਕਰਵਾਈ ਗਈ ਐਫ.ਆਈ.ਆਰ. ਵਿਚ ਇਨ੍ਹਾਂ 7 ਵਿਅਕਤੀਆਂ ਦੇ ਨਾਮ ਹਨ। ਅਣਸੁਖਾਵੀਂ ਘਟਨਾ ਤੋਂ ਬਚਣ ਲਈ ਪਿੰਡ ਵਿਚ ਵੱਡੀ ਗਿਣਤੀ ’ਚ ਪੁਲਸ ਤਾਇਨਾਤ ਕੀਤੀ ਗਈ ਹੈ।