ਆਜ਼ਾਦੀ ਦਾ ਜਸ਼ਨ ਹੋਵੇਗਾ ਦੁੱਗਣਾ; ਭਲਕੇ ਇਸਰੋ ਲਗਾਏਗਾ ਪੁਲਾੜ ’ਚ ਵੱਡੀ ਛਲਾਂਗ, ਉਲਟੀ ਗਿਣਤੀ ਸ਼ੁਰੂ
Wednesday, Aug 11, 2021 - 01:08 PM (IST)
ਨਵੀਂ ਦਿੱਲੀ— ਇਸ ਵਾਰ 75ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਦੁੱਗਣਾ ਹੋਵੇਗਾ ਕਿਉਂਕਿ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੀਰਵਾਰ ਨੂੰ ਇਕ ਨਵਾਂ ਇਤਿਹਾਸ ਰਚਣ ਜਾ ਰਿਹਾ ਹੈ। ਆਜ਼ਾਦੀ ਦਿਹਾੜੇ ਤੋਂ ਪਹਿਲਾਂ ਯਾਨੀ ਕਿ ਭਲਕੇ ਭਾਰਤ ਪੁਲਾੜ ’ਚ ਇਕ ਵੱਡੀ ਛਲਾਂਗ ਲਾਉਣ ਜਾ ਰਿਹਾ ਹੈ। ਇਸਰੋੋ ਕੱਲ੍ਹ ਧਰਤੀ ਦੀ ਨਿਗਰਾਨੀ ਕਰਨ ਵਾਲੇ ਦੇਸ਼ ਦੇ ਪਹਿਲੇ ਸੈਟੇਲਾਈਟ (ਉਪਗ੍ਰਹਿ) ਈ. ਓ. ਐੱਸ.-03 ਨੂੰ ਲਾਂਚ ਕਰਨ ਵਾਲਾ ਹੈ। ਇਸ ਲਈ ਕਾਊਟਡਾਊਨ ਯਾਨੀ ਕਿ ਉਲਟ ਗਿਣਤੀ ਸ਼ੁਰੂ ਹੋ ਗਈ ਹੈ। ਹਾਲਾਂਕਿ ਇਹ ਮੌਸਮ ਦੀ ਸਥਿਤੀ ’ਤੇ ਨਿਰਭਰ ਹੈ।
ਕੱਲ੍ਹ ਸਵੇਰੇ ਤੜਕੇ 5:43 ਵਜੇ ਹੋਵੇਗਾ ਲਾਂਚ—
ਇਸਰੋ ਨੇ ਮਾਈਕ੍ਰੋਬਲਾਗਿੰਗ ਵੈੱਬਸਾਈਟ ’ਤੇ ਆਪਣੇ ਅਧਿਕਾਰਤ ਹੈਂਡਲ ਤੋਂ ਟਵੀਟ ਕੀਤਾ ਕਿ ਜੀ. ਐੱਸ. ਐੱਲ. ਵੀ.10/ਈ. ਓ. ਐੱਸ.-03 ਮਿਸ਼ਨ ਦੇ ਲਾਂਚਿੰਗ ਦੀ ਉਲਟੀ ਗਿਣਤੀ ਅੱਜ ਸਤੀਸ਼ ਧਵਨ ਪੁਲਾੜ ਕੇਂਦਰ (ਐੱਸ. ਡੀ. ਐੱਸ. ਸੀ.), ਸ਼ਾਰ, ਸ਼੍ਰੀਹਰੀਕੋਟਾ ਤੋਂ ਸ਼ੁਰੂ ਹੋ ਗਈ ਹੈ। ਇਸਰੋ ਨੇ ਲਿਖਿਆ ਕਿ ਸੈਟੇਲਾਈਟ ਦੀ ਲਾਂਚਿੰਗ 12 ਅਗਸਤ ਨੂੰ ਸਵੇਰੇ 5:43 ਵਜੇ ਕੀਤੀ ਜਾਵੇਗੀ। ਟਵੀਟ ’ਚ ਇਕ ਤਸਵੀਰ ਵੀ ਸ਼ੇਅਰ ਕੀਤੀ ਗਈ ਹੈ, ਜਿਸ ’ਚ ਜੀ. ਐੱਸ. ਐੱਲ. ਵੀ.10 ਮਿਸ਼ਨ ਸ਼੍ਰੀਹਰੀਕੋਟਾ ਪੁਲਾੜ ਪੋਰਟ ’ਤੇ ਭਰੇ ਰਾਕੇਟ ਨਾਲ ਕੱਲ੍ਹ ਆਪਣੀ ਉਡਾਣ ਭਰਨ ਦੀ ਉਡੀਕ ਕਰ ਰਿਹਾ ਹੈ।
ਸੈਟੇਲਾਈਟ ਦੀ ਖ਼ਾਸੀਅਤ—
ਪੁਲਾੜ ਏਜੰਸੀ ਦੇ ਅਧਿਕਾਰੀਆਂ ਮੁਤਾਬਕ ਉਪਗ੍ਰਹਿ ਭਾਰਤ ਨੂੰ ਕੁਦਰਤੀ ਆਫ਼ਤਾਂ ਅਤੇ ਕਿਸੇ ਵੀ ਹੋਰ ਛੋਟੀਆਂ ਘਟਨਾਵਾਂ ਦੀ ਨਿਗਰਾਨੀ ਅਤੇ ਪ੍ਰਤੀਕਿਰਿਆ ਕਰਨ ’ਚ ਮਦਦ ਕਰੇਗਾ।
ਇਸ ਤੋਂ ਇਲਾਵਾ ਉਪਗ੍ਰਹਿ ਖੇਤੀਬਾੜੀ, ਜੰਗਲਾਤ, ਖਣਿਜ ਵਿਗਿਆਨ, ਬੱਦਲ, ਬਰਫ਼ ਅਤੇ ਗਲੇਸ਼ੀਅਰਾਂ ਅਤੇ ਸਮੁੰਦਰੀ ਵਿਗਿਆਨ ਬਾਰੇ ਜਾਣਕਾਰੀ ਪ੍ਰਾਪਤ ਕਰੇਗਾ।
ਜੀ. ਐੱਸ. ਐੱਲ. ਵੀ.10 ਉਡਾਣ ਉਪਗ੍ਰਹਿ ਨੂੰ 4 ਮੀਟਰ ਵਿਆਸ-ਓਗਿਵ ਆਕਾਰ ਦੇ ਪੋਲੇਡ ਫੇਅਰਿੰਗ ’ਚ ਲੈ ਜਾਵੇਗੀ। ਜਿਸ ਨੂੰ ਰਾਕੇਟ ’ਤੇ ਪਹਿਲੀ ਵਾਰ ਉਡਾਇਆ ਜਾ ਰਿਹਾ ਹੈ।
ਈ. ਓ. ਐੱਸ.-03 ਇਕ ਦਿਨ ’ਚ ਪੂਰੇ ਦੇਸ਼ ਦੀਆਂ 4-5 ਵਾਰ ਤਸਵੀਰਾਂ ਲਵੇਗਾ, ਜੋ ਮੌਸਮ ਅਤੇ ਵਾਤਾਵਰਣ ਤਬਦੀਲੀ ਨਾਲ ਸਬੰਧਤ ਮੁੱਖ ਡਾਟਾ ਭੇਜੇਗਾ।