ਗਰੁੱਪ ਕੈਪਟਨ ਵਰੁਣ ਸਿੰਘ ਪੰਜ ਤੱਤਾਂ ’ਚ ਵਿਲੀਨ, ਪੂਰੇ ਫ਼ੌਜ ਸਨਮਾਨ ਨਾਲ ਦਿੱਤੀ ਗਈ ਅੰਤਿਮ ਵਿਦਾਈ

Friday, Dec 17, 2021 - 01:26 PM (IST)

ਭੋਪਾਲ (ਵਾਰਤਾ)- ਹਵਾਈ ਫ਼ੌਜ ਦੇ ਸ਼ਹੀਦ ਗਰੁੱਪ ਕੈਪਟਨ ਵਰੁਣ ਸਿੰਘ ਨੂੰ ਅੱਜ ਯਾਨੀ ਸ਼ੁੱਕਰਵਾਰ ਨੂੰ ਇੱਥੇ ਬੈਰਾਗੜ੍ਹ ਸਥਿਤ ਵਿਸ਼ਰਾਮਘਾਟ ’ਚ ਪੂਰੇ ਫ਼ੌਜ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ ਅਤੇ ਉਹ ਪੰਜ ਤੱਤਾਂ ’ਚ ਵਿਲੀਨ ਹੋ ਗਏ। ਪਰਿਵਾਰ ਵਾਲੇ, ਫ਼ੌਜ ਦੇ ਅਧਿਕਾਰੀਆਂ, ਜਵਾਨਾਂ, ਜਨਪ੍ਰਤੀਨਿਧੀਆਂ ਅਤੇ ਹਜ਼ਾਰਾਂ ਲੋਕਾਂ ਦੀ ਮੌਜੂਦਗੀ ’ਚ ਗਰੁੱਪ ਕੈਪਟਨ ਨੂੰ ਉਨ੍ਹਾਂ ਦੇ ਲਗਭਗ 10 ਸਾਲਾ ਪੁੱਤਰ ਰਿਧੀਮਨ ਨੇ ਅਗਨੀ ਦਿੱਤੀ। ਵਰੁਣ ਸਿੰਘ ਦੇ ਛੋਟੇ ਭਰਾ ਅਤੇ ਜਲ ਸੈਨਾ ਦੇ ਅਧਿਕਾਰੀ ਤਨੁਜ ਸਿੰਘ ਨੇ ਵੀ ਭਤੀਜੇ ਰਿਧੀਮਨ ਨਾਲ ਆਪਣੇ ਭਰਾ ਨੂੰ ਅਗਨੀ ਦਿੱਤੀ। ਇਸ ਮੌਕੇ ਗਰੁੱਪ ਕੈਪਟਨ ਦੇ ਪਿਤਾ ਸੇਵਾਮੁਕਤ ਕਰਨਲ ਕੇ.ਪੀ. ਸਿੰਘ, ਮਾਂ ਊਮਾ ਸਿੰਘ, ਪਤਨੀ ਗੀਤਾਂਜਲੀ ਅਤੇ ਹੋਰ ਪਰਿਵਾਰ ਵਾਲੇ ਵੀ ਮੌਜੂਦ ਸਨ। ਗਰੁੱਪ ਕੈਪਟਨ ਦੀ ਇਕ ਧੀ ਅਰਾਧਿਆ ਵੀ ਹੈ, ਜੋ ਪੁੱਤਰ ਰਿਧੀਮਨ ਤੋਂ ਛੋਟੀ ਹੈ।

ਇਹ ਵੀ ਪੜ੍ਹੋ : ਹੁਣ ਕੁੜੀਆਂ ਦੇ ਵਿਆਹ ਦੀ ਉਮਰ ਹੋਵੇਗੀ 21 ਸਾਲ, ਕੈਬਨਿਟ ਵੱਲੋਂ ਤਜਵੀਜ਼ ਨੂੰ ਮਨਜ਼ੂਰੀ

ਇਸ ਤੋਂ ਪਹਿਲਾਂ ਇੱਥੇ ਫ਼ੌਜ ਦੇ ਹਸਪਤਾਲ ਤੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਇਕ ਟਰੱਕ ’ਚ ਸਜਾ ਕੇ ਰੱਖਿਆ ਗਿਆ ਅਤੇ ਉਨ੍ਹਾਂ ਦੀ ਅੰਤਿਮ ਯਾਤਰਾ ਸ਼ੁਰੂ ਹੋਈ, ਜੋ ਬੈਰਾਗੜ੍ਹ ਵਿਸ਼ਰਾਮਘਾਟ ਪਹੁੰਚਣ ’ਤੇ ਸੰਪੰਨ ਹੋਈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਅੰਤਿਮ ਵਿਦਾਈ ਦੇਣ ਲਈ ਸ਼ਮਸ਼ਾਨਘਾਟ ਮੌਜੂਦ ਰਹੇ। ਉਨ੍ਹਾਂ ਨੇ ਮ੍ਰਿਤਕ ਦੇਹ ’ਤੇ ਪੁਸ਼ਪਚੱਕਰ ਭੇਟ ਕੀਤਾ। ਫ਼ੌਜ ਦੇ ਅਧਿਕਾਰੀ ਕਰਮੀਆਂ ਨੇ ਵੀ ਪੁਸ਼ਪਚੱਕਰ ਭੇਟ ਕਰਨ ਦੇ ਨਾਲ ਹੀ ਆਪਣੇ ਜਾਂਬਾਜ਼ ਅਧਿਕਾਰੀ ਨੂੰ ਸਲਾਮੀ ਦਿੱਤੀ। ਦੱਸਣਯੋਗ ਹੈ ਕਿ ਤਾਮਿਲਨਾਡੂ ’ਚ 8 ਦਸੰਬਰ ਨੂੰ ਦੇਸ਼ ਦੇ ਪਹਿਲੇ ਰੱਖਿਆ ਮੁਖੀ ਜਨਰਲ ਬਿਪਿਨ ਰਾਵਤ ਦੇ ਹੈਲੀਕਾਪਟਰ ’ਚ ਗਰੁੱਪ ਕੈਪਟਨ ਵਰੁਣ ਸਿੰਘ ਵੀ ਸ਼ਾਮਲ ਸਨ, ਜੋ ਉਸ ਦਿਨ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਹੈਲੀਕਾਪਟਰ ’ਚ ਸਵਾਰ ਸਾਰੇ ਲੋਕਾਂ ਦਾ ਦਿਹਾਂਤ ਉਸੇ ਸਮੇਂ ਹੋ ਗਿਆ ਸੀ ਅਤੇ ਗਰੁੱਪ ਕੈਪਟਨ ਨੂੰ ਗੰਭੀਰ ਹਾਲਤ ’ਚ ਬੈਂਗਲੁਰੂ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੇ ਇਕ ਹਫ਼ਤੇ ਤੋਂ ਵੱਧ ਸਮੇਂ ਤੱਕ ਮੌਤ ਨਾਲ ਸੰਘਰਸ਼ ਕੀਤਾ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News