ਲਾਕਡਾਊਨ ''ਚ ਲਾੜੀ ਵਿਆਹੁਣ ਆਏ ਲਾੜੇ ਦੇ ਅਧੂਰੇ ਰਹਿ ਗਏ ਚਾਅ, ਬੇਰੰਗ ਪਰਤੀ ਬਰਾਤ

05/25/2020 2:33:18 PM

ਮਿਰਜ਼ਾਪੁਰ (ਵਾਰਤਾ)— ਲਾਕਡਾਊਨ 'ਚ ਜਿੱਥੇ ਸਾਦੇ ਵਿਆਹ ਚਰਚਾ 'ਚ ਬਣੇ ਹੋਏ ਹਨ, ਉੱਥੇ ਹੀ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ 'ਚ ਲਾੜੀ ਵਿਆਹੁਣ ਆਏ ਲਾੜੇ ਦੇ ਸਾਰੇ ਚਾਅ ਅਧੂਰੇ ਰਹਿ ਗਏ। ਦਰਅਸਲ ਲਾੜੇ ਦੀ ਵਧੇਰੀ ਉਮਰ ਹੋਣ 'ਤੇ ਲਾੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਪੁਲਸ ਬੁਲਾ ਕੇ ਬਰਾਤੀਆਂ ਨੂੰ ਬੇਰੰਗ ਵਾਪਸ ਜਾਣ 'ਤੇ ਮਜਬੂਰ ਕਰ ਦਿੱਤਾ। 

ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਲਾਲਗੰਜ ਖੇਤਰ ਦੇ ਕਨ੍ਹਈਪੁਰ ਪਿੰਡ ਵਿਚ ਐਤਵਾਰ ਨੂੰ ਵਿਆਹ ਪਹਿਲਾਂ ਤੋਂ ਹੀ ਤੈਅ ਸੀ। ਲਾਕਡਾਊਨ ਵਿਚ ਪਾਬੰਦੀ ਕਾਰਨ ਬਰਾਤ 'ਚ ਥੋੜ੍ਹੇ ਬਰਾਤੀ ਸ਼ਾਮਲ ਹੋਏ। ਇਸ ਦਰਮਿਆਨ ਲਾੜੀ ਨੇ ਲਾੜੇ ਦੀ ਵੱਧ ਉਮਰ ਦੇਖ ਕੇ ਵਿਆਹ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਲਾੜੀ ਨੇ ਤਰਕ ਦਿੱਤਾ ਕਿ ਉਹ ਅਜੇ ਪੜ੍ਹਨਾ ਚਾਹੁੰਦੀ ਹੈ। ਵਿਆਹ ਰੁਕਵਾਉਣ ਲਈ ਪਹਿਲਾਂ ਉਸ ਨੇ ਪਿੰਡ ਪ੍ਰਧਾਨ ਅਤੇ ਹੋਰ ਸਨਮਾਨਤ ਵਿਅਕਤੀਆਂ ਨਾਲ ਸੰਪਰਕ ਕੀਤਾ। 

ਪਿੰਡ ਦੇ ਪ੍ਰਧਾਨ ਦੇ ਸਮਝਾਉਣ ਤੋਂ ਬਾਅਦ ਵੀ ਕੁੜੀ ਨਹੀਂ ਮੰਨੀ ਤਾਂ ਫਿਰ ਪੁਲਸ ਦੀ ਮਦਦ ਮੰਗੀ ਗਈ। ਪੁਲਸ ਨੇ ਵਿਆਹ ਰੁਕਵਾ ਦਿੱਤਾ। ਪੁਲਸ ਸੂਤਰਾਂ ਨੇ ਦੱਸਿਆ ਕਿ ਉਂਝ ਵੀ ਲਾੜੀ ਦੀ ਉਮਰ 18 ਸਾਲ ਤੋਂ ਘੱਟ ਹੈ। ਉਹ ਹਾਈ ਸਕੂਲ ਦੀ ਵਿਦਿਆਰਥਣ ਹੈ। ਪੁਲਸ ਦੀ ਦਖਲ-ਅੰਦਾਜ਼ੀ ਤੋਂ ਬਾਅਦ ਲਾੜਾ ਅਤੇ ਉਸ ਦੇ ਪਰਿਵਾਰਕ ਮੈਂਬਰ ਮਾਯੂਸ ਹੋ ਕੇ ਪਰਤ ਗਏ। ਉੱਥੇ ਹੀ ਦੂਜੇ ਪਾਸੇ ਕੁੜੀ ਦੇ ਹੌਂਸਲੇ ਦੀ ਹਰ ਪਾਸੇ ਚਰਚਾ ਹੋ ਰਹੀ ਹੈ।


Tanu

Content Editor

Related News