ਸਫਾਈ ਮੁਹਿੰਮ ਦੌਰਾਨ ਕਬਾੜ ਤੋਂ ਕਮਾਏ 650 ਕਰੋੜ
Sunday, Nov 10, 2024 - 05:20 PM (IST)
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਹਾਲ ਹੀ ’ਚ ਸਮਾਪਤ ਹੋਈ ਸਫ਼ਾਈ ਮੁਹਿੰਮ ਦੌਰਾਨ ਕੂੜੇ ਦੇ ਨਿਪਟਾਰੇ ਤੋਂ 650 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਸ਼ਨੀਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ। ਬਿਆਨ ’ਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ 2021-24 ਦੌਰਾਨ ਚਲਾਈਆਂ ਗਈਆਂ ਵਿਸ਼ੇਸ਼ ਮੁਹਿੰਮਾਂ ਨਾਲ ਕੂੜੇ ਦੇ ਨਿਪਟਾਰੇ ਤੋਂ 2,364 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ।
ਕੇਂਦਰੀ ਅਮਲਾ ਰਾਜ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਸਪੈਸ਼ਲ ਮਿਸ਼ਨ 4.0 ਸਰਕਾਰੀ ਦਫ਼ਤਰਾਂ 'ਚ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਪੈਂਡਿੰਗ ਮਾਮਲਿਆਂ ਨੂੰ ਘਟਾਉਣ ਲਈ ਭਾਰਤ ਦੀ ਸਭ ਤੋਂ ਵੱਡੀ ਮੁਹਿੰਮ ਹੈ ਅਤੇ ਇਸ ਵਿਚ ਕਈ ਬਿਹਤਰੀਨ ਅਭਿਆਸਾ ਅਤੇ ਪ੍ਰਾਪਤੀਆਂ ਹੋਈਆਂ ਹਨ।
ਪਰਸੋਨਲ ਮੰਤਰਾਲੇ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਵਿਸ਼ੇਸ਼ ਅਭਿਆਨ 4.0 ਨੇ ਅਕਤੂਬਰ 2-31, 2024 ਦੀ ਮਿਆਦ 'ਚ 650 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਇਕੱਠਾ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਵਿਸ਼ੇਸ਼ ਮਿਸ਼ਨ 4.0 ਦੇ ਤਹਿਤ 5.97 ਲੱਖ ਤੋਂ ਵੱਧ ਥਾਵਾਂ 'ਤੇ ਸਫਾਈ ਮੁਹਿੰਮਾਂ ਚਲਾਈਆਂ ਗਈਆਂ ਅਤੇ ਇਸ ਦੇ ਨਤੀਜੇ ਵਜੋਂ ਪ੍ਰਭਾਵਸ਼ਾਲੀ ਦਫਤਰੀ ਵਰਤੋਂ ਲਈ 190 ਲੱਖ ਵਰਗ ਫੁੱਟ ਜਗ੍ਹਾ ਖਾਲੀ ਹੋਈ। ਸਿੰਘ ਨੇ ਕਿਹਾ ਕਿ ਹਰ ਬੀਤਦੇ ਸਾਲ ਦੇ ਨਾਲ ਵਿਸ਼ੇਸ਼ ਮੁਹਿੰਮ ਦਾ ਆਕਾਰ ਅਤੇ ਪੈਮਾਨਾ ਵੱਧ ਰਿਹਾ ਹੈ ਅਤੇ 2023 'ਚ 2.59 ਲੱਖ ਦੇ ਮੁਕਾਬਲੇ 2024 ਵਿਚ 5.97 ਲੱਖ ਤੋਂ ਵੱਧ ਥਾਵਾਂ ਨੂੰ ਕਵਰ ਕੀਤਾ ਗਿਆ ਸੀ।