ਰਾਜਪਾਲ ਰਵੀ ਤਾਮਿਲਨਾਡੂ ਦੀ ਸ਼ਾਂਤੀ ਲਈ ਖ਼ਤਰਾ : ਸਟਾਲਿਨ
Monday, Jul 10, 2023 - 01:49 PM (IST)
ਚੇਨਈ, (ਭਾਸ਼ਾ)- ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਕੋਲ ਰਾਜਪਾਲ ਆਰ. ਕੇ. ਐੱਨ. ਰਵੀ ਦੀ ਸ਼ਿਕਾਇਤ ਕਰਦੇ ਹੋਏ ਕਿਹਾ ਹੈ ਕਿ ਰਾਜਪਾਲ ਨੇ ਫਿਰਕੂ ਨਫ਼ਰਤ ਨੂੰ ਸ਼ਹਿ ਦਿੱਤੀ ਹੈ ਅਤੇ ਉਹ ਤਾਮਿਲਨਾਡੂ ਦੀ ਸ਼ਾਂਤੀ ਲਈ ਖਤਰਾ ਹਨ। ਸੂਬਾ ਸਰਕਾਰ ਦੇ ਇੱਕ ਬੁਲਾਰੇ ਨੇ ਐਤਵਾਰ ਇਹ ਜਾਣਕਾਰੀ ਦਿੱਤੀ।
ਰਾਸ਼ਟਰਪਤੀ ਮੁਰਮੂ ਨੂੰ ਲਿਖੀ ਇੱਕ ਚਿੱਠੀ ਵਿੱਚ ਸਟਾਲਿਨ ਨੇ ਦੋਸ਼ ਲਾਇਆ ਹੈ ਕਿ ਰਵੀ ਨੇ ਸੰਵਿਧਾਨ ਦੀ ਧਾਰਾ 159 ਅਧੀਨ ਅਹੁਦੇ ਦੀ ਚੁੱਕੀ ਸਹੁੰ ਦੀ ਉਲੰਘਣਾ ਕੀਤੀ ਹੈ। 8 ਜੁਲਾਈ, 2023 ਨੂੰ ਲਿਖੀ ਚਿੱਠੀ ਵਿੱਚ ਸਟਾਲਿਨ ਨੇ ਦਾਅਵਾ ਕੀਤਾ ਹੈ ਕਿ ਰਾਜਪਾਲ ਵੱਲੋਂ ਮੰਤਰੀ ਵੀ. ਸੇਂਥਿਲ ਬਾਲਾਜੀ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਨ ਦਾ ਹਾਲ ਹੀ ਵਿੱਚ ਚੁੱਕਿਆ ਗਿਆ ਕਦਮ ਉਨ੍ਹਾਂ ਦੇ ਸਿਆਸੀ ਪੱਖਪਾਤ ਨੂੰ ਦਰਸਾਉਂਦਾ ਹੈ। ਰਾਜਪਾਲ ਨੇ ਬਾਅਦ ਵਿੱਚ ਸੇਂਥਿਲ ਬਾਲਾਜੀ ਨੂੰ ਬਰਖਾਸਤ ਕਰਨ ਦੇ ਆਪਣੇ ਫੈਸਲੇ ਨੂੰ ਵਾਪਸ ਲੈ ਲਿਆ ਸੀ।