ਸਰਕਾਰ ਆਪਣੀ ਕੁੰਭਕਰਨੀ ਨੀਂਦ ਤੋਂ ਜਾਗੇ ਅਤੇ ਆਰਥਿਕ ਨੀਤੀਆਂ ''ਚ ਕਰੇ ਸੁਧਾਰ : ਰਾਹੁਲ ਗਾਂਧੀ
Saturday, Jul 16, 2022 - 02:56 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 'ਚ ਗਿਰਾਵਟ ਨੂੰ ਲੈ ਕੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ। ਰਾਹੁਲ ਨੇ ਕਿਹਾ ਕਿ ਹੁਣ ਸਰਕਾਰ ਨੂੰ ਆਪਣੀ ਕੁੰਭਕਰਨੀ ਨੀਂਦ ਤੋਂ ਜਾਗ ਕੇ ਆਰਥਿਕ ਨੀਤੀਆਂ 'ਚ ਸੁਧਾਰ ਕਰਨਾ ਚਾਹੀਦਾ। ਦੱਸਣਯੋਗ ਹੈ ਕਿ ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਿਆ 17 ਪੈਸੇ ਦੀ ਮਜ਼ਬੂਤੀ ਨਾਲ 79.82 ਰੁਪਏ ਪਹੁੰਚ ਗਿਆ। ਵੀਰਵਾਰ ਨੂੰ ਰੁਪਿਆ ਡਿੱਗ ਕੇ 80 ਦੇ ਪਾਰ ਚੱਲਾ ਗਿਆ ਸੀ।
ਰਾਹੁਲ ਨੇ ਫੇਸਬੁੱਕ ਪੋਸਟ 'ਚ ਕਿਹਾ,''80,90 ਪੂਰੇ 100? ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਰੁਪਏ ਦੀ ਕੀਮਤ 'ਤੇ ਲੰਬੇ-ਲੰਬੇ ਭਾਸ਼ਣ ਦਿੰਦੇ ਸਨ ਪਰ ਪੀ.ਐੱਮ. ਬਣਨ ਤੋਂ ਬਾਅਦ, ਦੇਸ਼ ਨੂੰ ਪਾਖੰਡ ਦੇ 'ਅੰਮ੍ਰਿਤਕਾਲ' 'ਚ ਧੱਕ ਦਿੱਤਾ ਹੈ। ਇਤਿਹਾਸ 'ਚ ਪਹਿਲੀ ਵਾਰ, ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਸਭ ਤੋਂ ਕਮਜ਼ੋਰ-80 ਪਾਰ ਹੋ ਚੁਕਿਆ ਹੈ।'' ਉਨ੍ਹਾਂ ਕਿਹਾ,''ਰੁਪਏ ਦੀ ਮਾੜੀ ਹਾਲਤ ਅਤੇ ਦਿਸ਼ਾਹੀਣ ਸਰਕਾਰ ਦੇ ਕਾਰਨਾਮਿਆਂ ਦਾ ਭੁਗਤਾਨ ਆਉਣ ਵਾਲੇ ਦਿਨਾਂ 'ਚ ਦੇਸ਼ ਦੀ ਜਨਤਾ ਨੂੰ ਕਰਨਾ ਪਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਮਜ਼ਬੂਤ ਰੁਪਏ ਲਈ ਇਕ ਮਜ਼ਬੂਤ ਪ੍ਰਧਾਨ ਮੰਤਰੀ ਦੀ ਜ਼ਰੂਰਤ ਹੈ। ਉਸ ਜੁਮਲੇ ਦੀ ਹਕੀਕਤ ਅੱਜ ਸਭ ਦੇ ਸਾਹਮਣੇ ਹੈ।'' ਕਾਂਗਰਸ ਨੇਤਾ ਨੇ ਕਿਹਾ,''ਮੈਂ ਭਾਰਤ ਸਰਕਾਰ ਤੋਂ ਫਿਰ ਕਹਿ ਰਿਹਾ ਹਾਂ, ਹੁਣ ਵੀ ਸਮਾਂ ਹੈ, ਆਪਣੀ ਕੁੰਭਕਰਨੀ ਨੀਂਦ ਤੋਂ ਜਾਗ ਜਾਓ। ਝੂਠ ਅਤੇ ਜੁਮਲਿਆਂ ਦੀ ਰਾਜਨੀਤੀ ਬੰਦ ਕਰੋ ਅਤੇ ਤੁਰੰਤ ਆਰਥਿਕ ਨੀਤੀਆਂ 'ਚ ਸੁਧਾਰ ਕਰੋ। ਤੁਹਾਡੀਆਂ ਨਾਕਾਮੀਆਂ ਦੀ ਸਜ਼ਾ ਦੇਸ਼ ਦੀ ਆਮ ਜਨਤਾ ਨਹੀਂ ਭੁਗਤ ਸਕਦੀ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ