ਦੀਦਾਰ ਨਲਵੀ ਨੇ ਕੀਤੀ ਗੁਰਦੁਆਰਾ ਕਮੇਟੀ ਨੂੰ ਭੰਗ ਕਰਨ ਦੀ ਮੰਗ, ਹਰਿਆਣਾ ਸਰਕਾਰ 'ਤੇ ਲਾਏ ਵੱਡੇ ਇਲਜ਼ਾਮ
Friday, Feb 10, 2023 - 04:01 PM (IST)

ਸਿਰਸਾ (ਵਾਰਤਾ)- ਹਰਿਆਣਾ ਸਿੱਖ ਸਮਾਜ ਦੇ ਪ੍ਰਧਾਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੀਦਾਰ ਸਿੰਘ ਨਲਵੀ ਨੇ ਦੋਸ਼ ਲਾਇਆ ਹੈ ਕਿ ਸੂਬਾ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਕਰ ਰਹੀ ਹੈ। ਸਰਕਾਰ ਵੱਲੋਂ ਗਠਿਤ ਕੀਤੀ ਗਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਗੈਰ-ਕਾਨੂੰਨੀ ਢੰਗ ਨਾਲ ਬਣਾਈ ਗਈ ਹੈ। ਸਰਕਾਰ ਨੂੰ ਇਸ ਕਮੇਟੀ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰਕੇ ਨਵੀਂ ਕਮੇਟੀ ਦਾ ਗਠਨ ਕਰਨਾ ਚਾਹੀਦਾ ਹੈ। ਦੀਦਾਰ ਸਿੰਘ ਨਲਵੀ ਨੇ ਇਥੇ ਸਥਿਤ ਗੁਰਦੁਆਰਾ ਚਿੱਲਾ ਸਾਹਿਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਪਰੋਕਤ ਦੋਸ਼ ਲਾਏ। ਉਨ੍ਹਾਂ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਨਵੀਂ ਕਮੇਟੀ ਦਾ ਗਠਨ ਨਹੀਂ ਕੀਤਾ ਤਾਂ ਸਰਕਾਰ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਸਤੰਬਰ ਮਹੀਨੇ 'ਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ 'ਚ ਫ਼ੈਸਲਾ ਸੁਣਾਇਆ ਸੀ। ਕਰੀਬ 22 ਸਾਲਾਂ ਦੀ ਲੜਾਈ ਤੋਂ ਬਾਅਦ ਹਰਿਆਣਾ ਸਰਕਾਰ ਨੇ 38 ਮੈਂਬਰੀ ਕਮੇਟੀ ਬਣਾਈ, ਜੋ ਸਿੱਖ ਕੌਮ ਨਾਲ ਸਲਾਹ ਕੀਤੇ ਬਿਨਾਂ ਹੀ ਬਣਾਈ ਗਈ ਸੀ।
ਉਨ੍ਹਾਂ ਕਿਹਾ ਕਿ ਉਕਤ ਕਮੇਟੀ ਦੀ ਚੋਣ ਦਾ ਏਜੰਡਾ ਵਿਧਾਨ ਸਭਾ 'ਚ ਪਾਸ ਕੀਤਾ ਗਿਆ ਸੀ, ਜਿਸ ਲਈ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਸਨ। ਸ਼ਰਤਾਂ ਅਨੁਸਾਰ ਕਮੇਟੀ ਦਾ ਪ੍ਰਧਾਨ ਕਿਸੇ ਮਹੰਤ ਨੂੰ ਨਹੀਂ ਬਣਾਇਆ ਜਾ ਸਕਦਾ। ਇਸ ਦੇ ਨਾਲ ਹੀ ਮੈਂਬਰ ਉਹੀ ਵਿਅਕਤੀ ਬਣ ਸਕਦਾ ਹੈ, ਜੋ ਅੰਮ੍ਰਿਤਧਾਰੀ ਸਿੱਖ ਹੋਵੇ, ਕਿਸੇ ਕਿਸਮ ਦਾ ਨਸ਼ਾ ਨਾ ਕਰਦਾ ਹੋਵੇ ਅਤੇ ਪੰਜਾਬੀ ਗੁਰਮੁਖੀ ਦਾ ਚੰਗਾ ਧਾਰਨੀ ਹੋਵੇ ਪਰ ਇੱਥੇ ਸਰਕਾਰ ਵੱਲੋਂ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਨਵੀਂ ਕਮੇਟੀ ਬਣਾਈ ਗਈ ਹੈ। ਇਸ 'ਚ ਸ਼ਾਮਲ ਮੈਂਬਰ ਇਸ ਕਮੇਟੀ ਦੇ ਮੈਂਬਰ ਬਣਨ ਦੇ ਯੋਗ ਨਹੀਂ ਹਨ ਕਿਉਂਕਿ ਇਨ੍ਹਾਂ 'ਚੋਂ ਬਹੁਤੇ ਮੈਂਬਰ ਸਰਕਾਰੀ ਸੋਚ ਦੇ ਹਨ ਅਤੇ ਨਾ ਹੀ ਐਕਟ ਦੀਆਂ ਸ਼ਰਤਾਂ ਅਨੁਸਾਰ ਹਨ। ਇਸ ਤੋਂ ਇਲਾਵਾ ਕੁਝ ਮੈਂਬਰਾਂ 'ਤੇ ਵੱਖ-ਵੱਖ ਤਰ੍ਹਾਂ ਦਾ ਨਸ਼ਾ ਕਰਨ ਦਾ ਦੋਸ਼ ਹੈ, ਜੋ ਸਿੱਖ ਧਰਮ ਨਾਲ ਖੁੱਲ੍ਹੇਆਮ ਖਿਲਵਾੜ ਹੈ।
ਨਲਵੀ ਨੇ ਕਿਹਾ ਕਿ ਭਾਜਪਾ ਸਰਕਾਰ ਜਾਣਬੁੱਝ ਕੇ ਸਿੱਖ ਧਰਮ ਦਾ ਅਪਮਾਨ ਕਰ ਕੇ ਸੁੱਤੇ ਹੋਏ ਸ਼ੇਰਾਂ ਨੂੰ ਜਗਾਉਣ ਦਾ ਕੰਮ ਕਰ ਰਹੀ ਹੈ, ਜਿਸ ਨੂੰ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਮਹੀਨੇ ਗੁਰਦੁਆਰਿਆਂ ਦੇ ਗੁੱਲਕ 'ਚ 8 ਤੋਂ 9 ਕਰੋੜ ਰੁਪਏ ਦੀ ਰਾਸ਼ੀ ਇਕੱਠੀ ਹੁੰਦੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਅੱਜ ਤੱਕ ਸਰਕਾਰ ਹਰਿਆਣਾ ਦੇ ਗੁਰਦੁਆਰਿਆਂ ਦਾ ਚਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਨਹੀਂ ਲੈ ਸਕੀ। ਜੇਕਰ ਸਰਕਾਰ ਉਨ੍ਹਾਂ ਤੋਂ ਗੁਰਦੁਆਰਿਆਂ ਦੀ ਵਾਗਡੋਰ ਨਹੀਂ ਲੈ ਸਕਦੀ ਤਾਂ ਬਾਦਲ ਪਰਿਵਾਰ ਨਾਲ ਇਹ ਲੜਾਈ ਲੜਨ ਦਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਕਮੇਟੀ ਨੂੰ ਜਲਦੀ ਤੋਂ ਜਲਦੀ ਭੰਗ ਕਰਕੇ 6 ਮਹੀਨਿਆਂ ਅੰਦਰ ਚੋਣਾਂ ਕਰਵਾ ਕੇ ਨਵੀਂ ਕਮੇਟੀ ਬਣਾਈ ਜਾਵੇ। ਨਹੀਂ ਤਾਂ ਸਰਕਾਰ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਸ ਮੌਕੇ ਜਗਵਿੰਦਰ ਸਿੰਘ ਮੱਖਣ, ਹਰਿਆਣਾ ਸਿੱਖ ਸਮਾਜ ਸੀਨੀਅਰ ਮੀਤ ਪ੍ਰਧਾਨ, ਮੈਂਬਰ ਹਰਚਰਨ ਸਿੰਘ, ਮਨਜੀਤ ਸਿੰਘ ਓਢਾਂ, ਜਸਵਿੰਦਰ ਸਿੰਘ ਓਢਾਂ, ਭੋਲਾ ਸਿੰਘ ਚੋਰਮਾਰ ਅਤੇ ਹੋਰ ਮੈਂਬਰ ਹਾਜ਼ਰ ਸਨ।