ਹਰਿਆਣਾ : ਛੋਟੇ ਕੱਦ ਵਾਲੇ ਲੋਕਾਂ ਨੂੰ ਹਰ ਮਹੀਨੇ ਮਿਲਣਗੇ 3 ਹਜ਼ਾਰ, ਇੰਝ ਕਰੋ ਅਪਲਾਈ
Sunday, Jan 18, 2026 - 03:41 PM (IST)
ਸਿਰਸਾ- ਹਰਿਆਣਾ ਸਰਕਾਰ ਵੱਲੋਂ ਸਮਾਜਿਕ ਨਿਆਂ ਵਿਭਾਗ ਰਾਹੀਂ ਚਲਾਈ ਜਾ ਰਹੀ 'ਬੌਨਾ ਭੱਤਾ ਯੋਜਨਾ' ਤਹਿਤ ਛੋਟੇ ਕੱਦ ਵਾਲੇ ਲੋਕਾਂ ਨੂੰ 3000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਇਹ ਯੋਜਨਾ ਵਿਸ਼ੇਸ਼ ਤੌਰ 'ਤੇ ਉਨ੍ਹਾਂ ਲੋਕਾਂ ਲਈ ਤਿਆਰ ਕੀਤੀ ਗਈ ਹੈ ਜਿਨ੍ਹਾਂ ਨੂੰ ਆਪਣੀ ਸਰੀਰਕ ਬਣਤਰ ਕਾਰਨ ਰੁਜ਼ਗਾਰ ਪ੍ਰਾਪਤ ਕਰਨ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਕੀਮ ਦਾ ਮੁੱਖ ਉਦੇਸ਼ ਅਜਿਹੇ ਵਿਅਕਤੀਆਂ ਨੂੰ ਸਨਮਾਨਜਨਕ ਜੀਵਨ ਜਿਉਣ ਅਤੇ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ 'ਚ ਮਦਦ ਕਰਨਾ ਹੈ। ਮੌਜੂਦਾ ਜਾਣਕਾਰੀ ਅਨੁਸਾਰ, ਸਿਰਸਾ ਜ਼ਿਲ੍ਹੇ 'ਚ 7 ਵਿਅਕਤੀ ਪਹਿਲਾਂ ਹੀ ਇਸ ਯੋਜਨਾ ਦਾ ਲਾਭ ਲੈ ਰਹੇ ਹਨ।
ਕੌਣ ਲੈ ਸਕਦਾ ਹੈ ਇਸ ਯੋਜਨਾ ਦਾ ਲਾਭ?
ਇਸ ਯੋਜਨਾ ਲਈ ਅਪਲਾਈ ਕਰਨ ਵਾਲੇ ਬਿਨੈਕਾਰ ਲਈ ਕੁਝ ਸ਼ਰਤਾਂ ਨਿਰਧਾਰਤ ਕੀਤੀਆਂ ਗਈਆਂ ਹਨ:
- ਬਿਨੈਕਾਰ ਪਿਛਲੇ ਇਕ ਸਾਲ ਤੋਂ ਹਰਿਆਣਾ ਦਾ ਨਿਵਾਸੀ ਹੋਣਾ ਚਾਹੀਦਾ ਹੈ।
- ਮਰਦਾਂ ਲਈ ਕੱਦ ਦੀ ਸੀਮਾ 3 ਫੁੱਟ 8 ਇੰਚ ਅਤੇ ਔਰਤਾਂ ਲਈ 3 ਫੁੱਟ 3 ਇੰਚ ਜਾਂ ਇਸ ਤੋਂ ਘੱਟ ਹੋਣੀ ਲਾਜ਼ਮੀ ਹੈ।
- ਬਿਨੈਕਾਰ ਕੋਲ ਸਿਵਲ ਸਰਜਨ ਵੱਲੋਂ ਜਾਰੀ ਕੀਤਾ ਗਿਆ ਕੱਦ ਦਾ ਪ੍ਰਮਾਣ ਪੱਤਰ ਹੋਣਾ ਜ਼ਰੂਰੀ ਹੈ।
ਅਪਲਾਈ ਕਰਨ ਦੀ ਪ੍ਰਕਿਰਿਆ ਅਤੇ ਜ਼ਰੂਰੀ ਦਸਤਾਵੇਜ਼
ਇਸ ਸਕੀਮ ਦਾ ਲਾਭ ਲੈਣ ਲਈ ਉਮੀਦਵਾਰ ਨੂੰ ਆਨਲਾਈਨ ਅਪਲਾਈ ਕਰਨਾ ਹੋਵੇਗਾ ਅਤੇ ਫਾਰਮ ਭਰ ਕੇ ਤਸਦੀਕ ਕੀਤੇ ਦਸਤਾਵੇਜ਼ਾਂ ਦੇ ਨਾਲ ਦਫ਼ਤਰ ਵਿੱਚ ਜਮ੍ਹਾਂ ਕਰਵਾਉਣੇ ਹੋਣਗੇ। ਅਰਜ਼ੀ ਦੇ ਨਾਲ ਰਾਸ਼ਨ ਕਾਰਡ, ਵੋਟਰ ਪਛਾਣ ਪੱਤਰ, ਆਧਾਰ ਕਾਰਡ ਅਤੇ ਸਿਵਲ ਸਰਜਨ ਦੁਆਰਾ ਜਾਰੀ ਸਰਟੀਫਿਕੇਟ ਲਗਾਉਣਾ ਲਾਜ਼ਮੀ ਹੈ। ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਇਹ ਸਹਾਇਤਾ ਰਾਸ਼ੀ ਸਿੱਧੀ ਲਾਭਪਾਤਰੀ ਦੇ ਬੈਂਕ ਖਾਤੇ 'ਚ ਜਮ੍ਹਾ ਕੀਤੀ ਜਾਂਦੀ ਹੈ ਤਾਂ ਜੋ ਸਿਸਟਮ 'ਚ ਪਾਰਦਰਸ਼ਤਾ ਬਣੀ ਰਹੇ। ਅਰਜ਼ੀ ਜਮ੍ਹਾਂ ਹੋਣ ਦੇ 60 ਦਿਨਾਂ ਦੇ ਅੰਦਰ ਇਸ ਨੂੰ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ। ਇਹ ਯੋਜਨਾ ਉਨ੍ਹਾਂ ਲੋਕਾਂ ਲਈ ਇਕ ਵਰਦਾਨ ਸਾਬਤ ਹੋ ਰਹੀ ਹੈ ਜੋ ਸਰੀਰਕ ਸੀਮਾਵਾਂ ਕਾਰਨ ਆਰਥਿਕ ਤੌਰ 'ਤੇ ਪਛੜੇ ਹੋਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
