ਸਰਕਾਰ ਨੇ ਪਾਕਿਸਤਾਨੀ ਗੋਲੀਬਾਰੀ ਕਾਰਨ ਹੋਏ ਜਾਇਦਾਦ ਦੇ ਨੁਕਸਾਨ ਦਾ ਮੁਲਾਂਕਣ ਕਰਨ ਦੇ ਦਿੱਤੇ ਨਿਰਦੇਸ਼
Monday, May 12, 2025 - 10:11 AM (IST)

ਪੁੰਛ- ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਪੁੰਛ ਜ਼ਿਲ੍ਹੇ 'ਚ 7 ਤੋਂ 10 ਮਈ ਵਿਚਾਲੇ ਹੋਈ ਪਾਕਿਸਤਾਨੀ ਗੋਲੀਬਾਰੀ 'ਚ ਜਾਇਦਾਦ ਦੇ ਨੁਕਸਾਨ ਦਾ ਪੂਰਾ ਮੁਲਾਂਕਣ ਕਰਨ ਦੇ ਐਤਵਾਰ ਨੂੰ ਨਿਰਦੇਸ਼ ਦਿੱਤੇ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹੇ 'ਚ ਸਰਹੱਦ ਪਾਰ ਤੋਂ ਗੋਲੀਬਾਰੀ 'ਚ ਸੁਰੱਖਿਆ ਕਰਮੀਆਂ ਸਮੇਤ 20 ਲੋਕਾਂ ਦੀ ਜਾਨ ਚਲੀ ਗਈ ਅਤੇ 50 ਤੋਂ ਵੱਧ ਲੋਕ ਜ਼ਖ਼ਮੀ ਹੋਏ। ਇਸ ਦੌਰਾਨ ਕਈ ਮਕਾਨਾਂ, ਧਾਰਮਿਕ ਸਥਾਨਾਂ, ਵਪਾਰਕ ਅਦਾਰਿਆਂ ਅਤੇ ਦਰਜਨਾਂ ਨਿੱਜੀ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਪੁੰਛ ਦੇ ਡਿਪਟੀ ਕਮਿਸ਼ਨਰ ਵਿਕਾਸ ਕੁੰਡਲ ਨੇ ਹਾਲੀਆ ਗੋਲੀਬਾਰੀ ਤੋਂ ਪ੍ਰਭਾਵਿਤ ਖੇਤਰਾਂ ਦਾ ਐਤਵਾਰ ਨੂੰ ਦੌਰਾ ਕੀਤਾ ਅਤੇ ਸੰਬੰਧਤ ਅਧਿਕਾਰੀਆਂ ਨੂੰ ਜਾਇਦਾਦ ਨੁਕਸਾਨ ਦਾ ਪੂਰਾ ਮੁਲਾਂਕਣ ਕਰ ਕੇ ਜਲਦ ਤੋਂ ਜਲਦ ਰਿਪੋਰਟ ਸੌਂਪਣ ਦਾ ਨਿਰਦੇਸ਼ ਦਿੱਤਾ। ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਕੁੰਡਲ ਨੇ ਗੋਲੀਬਾਰੀ ਤੋਂ ਪ੍ਰਭਾਵਿਤ ਕਾਜ਼ੀ ਮੋਹਰਾ, ਜ਼ਿਲ੍ਹਾ ਪੁਲਸ ਲਾਈਨ, ਜ਼ਿਲ੍ਹਾ ਅਦਾਲਤ ਕੰਪਲੈਕਸ, ਜਾਮੀਆ ਜ਼ਿਆ-ਉਲ-ਉਲੂਮ, ਗੀਤਾ ਭਵਨ, ਕਮਸਾਰ, ਰੇਡੀਓ ਸਟੇਸ਼ਨ, ਗੁਰਦੁਆਰਾ ਸਿੰਘ ਸਭਾ ਅਤੇ ਕਾਮਾ ਖਾਨ ਸਮੇਤ ਕਈ ਇਲਾਕਿਆਂ ਦਾ ਨਿਰੀਖਣ ਕੀਤਾ।
ਇਹ ਵੀ ਪੜ੍ਹੋ : ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਰਹਿਣਗੇ ਬੰਦ
ਬੁਲਾਰੇ ਅਨੁਸਾਰ ਡਿਪਟੀ ਕਮਿਸ਼ਨਰ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਦੱਸਿਆ ਕਿ ਸੰਬੰਧਤ ਅਧਿਕਾਰੀਆਂ ਨੂੰ ਸਥਾਨਕ ਏਜੰਸੀਆਂ ਨਾਲ ਤਾਲਮੇਲ ਕਰ ਕੇ ਸਮੇਂਬੱਧ ਤਰੀਕੇ ਨਾਲ ਰਾਹਤ ਕੰਮ ਅਤੇ ਮੁੜ ਵਸੇਬਾ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਬੁਲਾਰੇ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਕੁੰਡਲ ਜਲਦ ਹੀ ਬਾਕੀ ਪ੍ਰਭਾਵਿਤ ਖੇਤਰਾਂ ਦਾ ਵੀ ਦੌਰਾ ਕਰ ਕੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣਗੇ। ਇਸ ਵਿਚ ਨੈਸ਼ਨਲ ਕਾਨਫਰੰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਮਿਆਂ ਅਲਤਾਫ਼ ਨੇ ਆਜ਼ਾਦ ਵਿਧਾਇਕ ਚੌਧਰੀ ਮੁਹੰਮਦ ਅਕਰਮ ਨਾਲ ਮਿਲ ਕੇ ਪੁੰਛ ਦਾ ਦੌਰਾ ਕੀਤਾ ਅਤੇ ਜਨਤਕ ਤੇ ਨਿੱਜੀ ਜਾਇਦਾਦਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਅਲਤਾਫ਼ ਨੇ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦਾ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਇਤਿਹਾਸਕ ਧਾਰਮਿਕ ਸਥਾਨ ਦੇ ਮੁੜ ਨਿਰਮਾਣ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਜ਼ਿਲ੍ਹਾ ਹਸਪਤਾਲ ਪਹੁੰਚ ਕੇ ਪਾਕਿਸਤਾਨੀ ਗੋਲੀਬਾਰੀ 'ਚ ਜ਼ਖ਼ਮੀ ਲੋਕਾਂ ਦਾ ਹਾਲਚਾਲ ਵੀ ਪੁੱਛਿਆ। ਅਲਤਾਫ਼ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਗੋਲੀਬਾਰੀ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਉੱਚਿਤ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8