ਕੱਲ੍ਹ ਤੋਂ ਬਦਲ ਜਾਣਗੇ LPG ਸਿਲੰਡਰ ਬੁਕਿੰਗ ਦੇ ਨਿਯਮ! ਡਿਲਵਰੀ ''ਤੇ ਵੀ ਪਏਗਾ ਅਸਰ

Thursday, Apr 30, 2026 - 03:17 PM (IST)

ਕੱਲ੍ਹ ਤੋਂ ਬਦਲ ਜਾਣਗੇ LPG ਸਿਲੰਡਰ ਬੁਕਿੰਗ ਦੇ ਨਿਯਮ! ਡਿਲਵਰੀ ''ਤੇ ਵੀ ਪਏਗਾ ਅਸਰ

ਨਵੀਂ ਦਿੱਲੀ : ਘਰੇਲੂ ਤੇ ਵਪਾਰਕ ਗੈਸ ਸਿਲੰਡਰਾਂ ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਲਈ ਅਹਿਮ ਖਬਰ ਹੈ। ਇੰਡੀਅਨ ਆਇਲ, ਭਾਰਤ ਗੈਸ ਅਤੇ ਐੱਚਪੀ ਗੈਸ ਵਰਗੀਆਂ ਤੇਲ ਕੰਪਨੀਆਂ 1 ਮਈ ਤੋਂ ਐੱਲਪੀਜੀ (LPG) ਨਾਲ ਜੁੜੇ ਨਵੇਂ ਨਿਯਮ ਲਾਗੂ ਕਰਨ ਦੀ ਤਿਆਰੀ 'ਚ ਹਨ। ਇਨ੍ਹਾਂ ਬਦਲਾਅ ਦਾ ਮੁੱਖ ਮਕਸਦ ਗੈਸ ਦੀ ਜਮ੍ਹਾਂਖੋਰੀ, ਕਾਲਾਬਾਜ਼ਾਰੀ ਅਤੇ ਗਲਤ ਵਰਤੋਂ ਨੂੰ ਰੋਕਣਾ ਹੈ ਤਾਂ ਜੋ ਅਸਲੀ ਖਪਤਕਾਰਾਂ ਤੱਕ ਗੈਸ ਦੀ ਸਪਲਾਈ ਪਾਰਦਰਸ਼ੀ ਤਰੀਕੇ ਨਾਲ ਪਹੁੰਚ ਸਕੇ।

ਹੁਣ ਬੁਕਿੰਗ ਲਈ ਕਰਨਾ ਪਵੇਗਾ ਇੰਤਜ਼ਾਰ
ਨਵੇਂ ਨਿਯਮਾਂ ਅਨੁਸਾਰ, ਹੁਣ ਸਿਲੰਡਰਾਂ ਦੀ ਬੁਕਿੰਗ ਦੇ ਵਿਚਕਾਰ ਸਮਾਂ ਸੀਮਾ ਤੈਅ ਕਰ ਦਿੱਤੀ ਗਈ ਹੈ। ਸ਼ਹਿਰੀ ਇਲਾਕਿਆਂ ਵਿੱਚ ਇੱਕ ਸਿਲੰਡਰ ਬੁੱਕ ਕਰਨ ਤੋਂ ਬਾਅਦ ਦੂਜਾ ਸਿਲੰਡਰ ਬੁੱਕ ਕਰਨ ਲਈ ਘੱਟੋ-ਘੱਟ 25 ਦਿਨ ਦਾ ਇੰਤਜ਼ਾਰ ਕਰਨਾ ਹੋਵੇਗਾ, ਜਦੋਂ ਕਿ ਪੇਂਡੂ ਖੇਤਰਾਂ 'ਚ ਇਹ ਮਿਆਦ 45 ਦਿਨ ਹੋ ਸਕਦੀ ਹੈ। ਜੇਕਰ ਕੋਈ ਇਸ ਸਮੇਂ ਤੋਂ ਪਹਿਲਾਂ ਬੁਕਿੰਗ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਸਿਸਟਮ ਉਸ ਨੂੰ ਆਪਣੇ ਆਪ ਬਲਾਕ ਕਰ ਦੇਵੇਗਾ।

ਡਿਲੀਵਰੀ ਲਈ OTP ਹੋਵੇਗਾ ਲਾਜ਼ਮੀ
1 ਮਈ ਤੋਂ ਸਿਲੰਡਰ ਦੀ ਡਿਲੀਵਰੀ ਲਈ OTP (ਡਿਲੀਵਰੀ ਪ੍ਰਮਾਣਿਕਤਾ ਕੋਡ) ਪ੍ਰਣਾਲੀ ਨੂੰ ਲਾਜ਼ਮੀ ਬਣਾ ਦਿੱਤਾ ਗਿਆ ਹੈ। ਹੁਣ ਗਾਹਕ ਸਿਰਫ਼ ਰਸੀਦ ਦਿਖਾ ਕੇ ਸਿਲੰਡਰ ਨਹੀਂ ਲੈ ਸਕਣਗੇ, ਸਗੋਂ ਉਨ੍ਹਾਂ ਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਆਇਆ OTP ਡਿਲੀਵਰੀ ਮੈਨ ਨੂੰ ਦੱਸਣਾ ਪਵੇਗਾ। ਸਰਕਾਰ ਅਨੁਸਾਰ, ਇਹ ਸਿਸਟਮ ਪਹਿਲਾਂ ਹੀ 94.5 ਫੀਸਦੀ ਡਿਲੀਵਰੀ 'ਚ ਵਰਤਿਆ ਜਾ ਰਿਹਾ ਹੈ, ਜਿਸ ਨਾਲ ਗੈਸ ਦੀ ਦੁਰਵਰਤੋਂ ਰੁਕ ਰਹੀ ਹੈ।

ਕੀਮਤਾਂ 'ਚ ਹੋ ਸਕਦਾ ਹੈ ਬਦਲਾਅ
ਗਲੋਬਲ ਮਾਰਕੀਟ ਵਿੱਚ ਉਤਾਰ-ਚੜ੍ਹਾਅ ਕਾਰਨ ਭਾਰਤ ਵਿੱਚ ਵੀ ਗੈਸ ਦੀਆਂ ਕੀਮਤਾਂ ਪ੍ਰਭਾਵਿਤ ਹੋਈਆਂ ਹਨ। ਹਾਲ ਹੀ ਵਿੱਚ 14.2 ਕਿਲੋ ਵਾਲੇ ਘਰੇਲੂ ਸਿਲੰਡਰ ਦੀ ਕੀਮਤ ਵਿੱਚ ਲਗਭਗ 60 ਰੁਪਏ ਦਾ ਵਾਧਾ ਹੋਇਆ ਹੈ। 1 ਮਈ ਤੋਂ ਕੀਮਤਾਂ ਵਿੱਚ ਮੁੜ ਬਦਲਾਅ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਨਾਲ ਆਮ ਜਨਤਾ ਦੀ ਜੇਬ 'ਤੇ ਬੋਝ ਵਧ ਸਕਦਾ ਹੈ।

ਉੱਜਵਲਾ ਲਾਭਪਾਤਰੀਆਂ ਲਈ eKYC ਜ਼ਰੂਰੀ
ਸਰਕਾਰ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ ਆਧਾਰ ਅਧਾਰਤ eKYC ਲਾਜ਼ਮੀ ਕਰ ਦਿੱਤਾ ਹੈ। ਜਿਨ੍ਹਾਂ ਖਪਤਕਾਰਾਂ ਨੇ ਅਜੇ ਤੱਕ ਇਹ ਪ੍ਰਕਿਰਿਆ ਪੂਰੀ ਨਹੀਂ ਕੀਤੀ, ਉਨ੍ਹਾਂ ਨੂੰ ਅਗਲਾ ਸਿਲੰਡਰ ਲੈਣ ਵਿੱਚ ਮੁਸ਼ਕਲ ਆ ਸਕਦੀ ਹੈ। 

ਸਪਲਾਈ ਦੀ ਸਥਿਤੀ
ਮੱਧ ਪੂਰਬ 'ਚ ਤਣਾਅ ਕਾਰਨ ਕੱਚੇ ਤੇਲ ਦੀ ਸਪਲਾਈ 'ਚ ਆਈਆਂ ਦਿੱਕਤਾਂ ਤੋਂ ਬਾਅਦ, ਭਾਰਤੀ ਕੰਪਨੀਆਂ ਹੁਣ ਅਮਰੀਕਾ ਤੋਂ ਵਾਧੂ ਐੱਲਪੀਜੀ ਮੰਗਵਾ ਰਹੀਆਂ ਹਨ, ਜਿਸ ਦੀ ਡਿਲੀਵਰੀ ਜੂਨ-ਜੁਲਾਈ ਤੱਕ ਹੋਣ ਦੀ ਉਮੀਦ ਹੈ। ਭਾਰਤ 'ਚ ਰੋਜ਼ਾਨਾ ਲਗਭਗ 80,000 ਟਨ ਐੱਲਪੀਜੀ ਦੀ ਲੋੜ ਹੁੰਦੀ ਹੈ, ਜਦੋਂ ਕਿ ਘਰੇਲੂ ਉਤਪਾਦਨ ਸਿਰਫ਼ 46,000 ਟਨ ਦੇ ਕਰੀਬ ਹੈ।

ਉਪਭੋਗਤਾਵਾਂ ਲਈ ਸਲਾਹ
ਸਰਕਾਰ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਮੋਬਾਈਲ ਨੰਬਰ ਗੈਸ ਖਾਤੇ ਨਾਲ ਲਿੰਕ ਰੱਖਣ ਅਤੇ 1 ਮਈ ਤੋਂ ਪਹਿਲਾਂ MyLPG ਪੋਰਟਲ 'ਤੇ ਜਾ ਕੇ ਆਪਣੀ ਅਗਲੀ ਬੁਕਿੰਗ ਦੀ ਤਾਰੀਖ ਜ਼ਰੂਰ ਚੈੱਕ ਕਰ ਲੈਣ।


author

Baljit Singh

Content Editor

Related News