ਕੋਰੋਨਾ ਤੋਂ ਬਚਾਅ ਲਈ ਡਿਸਇੰਫੈਕਸ਼ਨ ਸੁਰੰਗ ਦੇ ਇਸਤੇਮਾਲ ਨੂੰ ਸਰਕਾਰ ਨੇ ਦੱਸਿਆ ਖ਼ਤਰਨਾਕ
Monday, Sep 07, 2020 - 09:42 PM (IST)
ਨਵੀਂ ਦਿੱਲੀ : ਸੁਪਰੀਮ ਕੋਰਟ 'ਚ ਡਿਸਇੰਫੈਕਸ਼ਨ ਸੁਰੰਗ 'ਤੇ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਦੱਸਿਆ ਕਿ ਡਿਸਇੰਫੈਕਸ਼ਨ ਸੁਰੰਗ ਦੀ ਵਰਤੋ ਕਰਨਾ ਡਾਕਟਰੀ ਅਤੇ ਮਾਨਸਿਕ ਤੌਰ' ਤੇ ਨੁਕਸਾਨਦੇਹ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਤੋਂ ਇਲਾਜ ਲਈ ਡਿਸਇੰਫੈਕਸ਼ਨ ਸੁਰੰਗ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਇਸ 'ਤੇ ਦਿਸ਼ਾ-ਨਿਰਦੇਸ਼ ਜਾਰੀ ਕਰਨ ਨੂੰ ਲੈ ਕੇ ਦਰਜ ਕੀਤੀ ਗਈ ਇੱਕ ਮੰਗ 'ਤੇ ਸੁਣਵਾਈ ਦੌਰਾਨ ਕੇਂਦਰ ਨੇ ਸੁਪਰੀਮ ਕੋਰਟ ਨੂੰ ਇਹ ਜਾਣਕਾਰੀ ਦਿੱਤੀ।
ਕੇਂਦਰ ਦੁਆਰਾ ਡਿਸਇੰਫੈਕਸ਼ਨ ਸੁਰੰਗਾਂ ਦਾ ਇਸਤੇਮਾਲ ਕਰਨ ਵਾਲੇ ਸਾਰੇ ਸਬੰਧਤ ਧਿਰਾਂ ਨੂੰ ਦੱਸਿਆ ਗਿਆ ਕਿ ਇਹ ਬਹੁਤ ਨੁਕਸਾਨਦੇਹ ਹੁੰਦੀ ਹੈ। ਕੇਂਦਰ ਵੱਲੋਂ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਐੱਸ.ਸੀ. ਨੇ ਪੁੱਛਿਆ ਕਿ ਜੇਕਰ ਇਹ ਖ਼ਰਾਬ ਹੈ ਤਾਂ ਕੇਂਦਰ ਇਸ 'ਤੇ ਰੋਕ ਕਿਉਂ ਨਹੀਂ ਲਗਾ ਰਿਹਾ ਹੈ? ਇਸ ਦੇ ਜਵਾਬ 'ਚ ਸਾਲਿਸਿਟਰ ਜਨਰਲ ਤੁਸ਼ਾਰ ਮੇਹਿਤਾ ਨੇ ਕਿਹਾ ਕਿ ਮੰਗਲਵਾਰ ਤੱਕ ਉਚਿਤ ਨਿਰਦੇਸ਼ ਜਾਰੀ ਕਰ ਦਿੱਤੇ ਜਾਣਗੇ। ਸੁਪਰੀਮ ਕੋਰਟ ਹੁਣ ਇਸ ਮਾਮਲੇ 'ਤੇ ਇੱਕ ਹਫਤੇ ਬਾਅਦ ਸੁਣਵਾਈ ਕਰੇਗਾ।
ਜ਼ਿਕਰਯੋਗ ਹੈ ਕਿ ਦੇਸ਼ਭਰ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 90,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਅਜਿਹੇ 'ਚ ਦੇਸ਼ਭਰ 'ਚ ਕਾਫ਼ੀ ਤੇਜ਼ੀ ਨਾਲ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਉਥੇ ਹੀ ਇਸ 'ਚ ਸੋਮਵਾਰ ਤੋਂ ਦੇਸ਼ਭਰ ਦੇ ਸੂਬਿਆਂ 'ਚ ਅਨਲਾਕ 4 ਦੇ ਤਹਿਤ ਮੈਟਰੋ ਸੇਵਾਵਾਂ ਨੂੰ ਵੀ ਸ਼ੁਰੂ ਕਰ ਦਿੱਤਾ ਗਿਆ ਹੈ।