ਸਰਕਾਰ ਨੇ ਲੋਕਾਂ ਨੂੰ ਫਰਜ਼ੀ ਈ-ਮੇਲ ਅਤੇ ਈ-ਨੋਟਿਸ ਤੋਂ ਸਾਵਧਾਨ ਰਹਿਣ ਦੀ ਕੀਤੀ ਅਪੀਲ
Monday, Aug 26, 2024 - 11:11 AM (IST)
ਨਵੀਂ ਦਿੱਲੀ (ਵਾਰਤਾ)- ਫਰਜ਼ੀ ਈ-ਮੇਲ ਅਤੇ ਫਰਜ਼ੀ ਈ-ਨੋਟਿਸ ਨਾਲ ਸਬੰਧਤ ਧੋਖਾਧੜੀ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਇਕ ਵਾਰ ਫਿਰ ਲੋਕਾਂ ਨੂੰ ਅਜਿਹੇ ਫਰਜ਼ੀ ਮੇਲ ਅਤੇ ਈ-ਨੋਟਿਸ ਤੋਂ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਹੈ ਅਤੇ ਇਨ੍ਹਾਂ ਦਾ ਜਵਾਬ ਦੇਣ ਦੀ ਬਜਾਏ ਤੁਰੰਤ ਇਸ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਦੀ ਵੈੱਬਸਾਈਟ 'ਤੇ ਕਰੋ। ਸਾਈਬਰ ਕ੍ਰਾਈਮ ਵਿਚ ਲੱਗੇ ਕੋਝੇ ਸਾਜ਼ਿਸ਼ਕਰਤਾ ਨਾ ਸਿਰਫ਼ ਆਮ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ, ਉਹ ਅਜਿਹੀਆਂ ਫਰਜ਼ੀ ਮੇਲ ਭੇਜ ਕੇ ਗ੍ਰਹਿ ਮੰਤਰਾਲੇ ਦੀਆਂ ਵੱਖ-ਵੱਖ ਜਾਂਚ ਏਜੰਸੀਆਂ ਨਾਲ ਜੁੜੇ ਲੋਕਾਂ ਨੂੰ ਵੀ ਠੱਗ ਰਹੇ ਹਨ। ਇਸ ਦੇ ਮੱਦੇਨਜ਼ਰ ਸਰਕਾਰ ਸਮੇਂ-ਸਮੇਂ 'ਤੇ ਲੋਕਾਂ ਨੂੰ ਸਲਾਹਾਂ ਅਤੇ ਚਿਤਾਵਨੀਆਂ ਜਾਰੀ ਕਰਦੀ ਰਹਿੰਦੀ ਹੈ, ਲੋਕਾਂ ਨੂੰ ਅਜਿਹੀਆਂ ਫਰਜ਼ੀ ਮੇਲ ਅਤੇ ਈ-ਨੋਟਿਸ ਤੋਂ ਸੁਚੇਤ ਰਹਿਣ ਦੀ ਅਪੀਲ ਕਰਦੀ ਹੈ। ਸਰਕਾਰੀ ਸੁਰੱਖਿਆ ਤੰਤਰ ਵਲੋਂ ਇਕ ਵਾਰ ਫਿਰ ਕਿਹਾ ਗਿਆ ਹੈ ਕਿ ਸਾਈਬਰ ਧੋਖਾਧੜੀ ਕਰਨ ਵਾਲੇ ਠੱਗ ਲੋਕਾਂ ਨੂੰ ਵੱਖ-ਵੱਖ ਜਾਂਚ ਏਜੰਸੀਆਂ ਦੀ ਮੋਹਰ ਨਾਲ ਉਨ੍ਹਾਂ ਦੇ ਲੈਟਰ ਪੈਡ 'ਤੇ ਫਰਜ਼ੀ ਈ-ਮੇਲ ਅਤੇ ਈ-ਨੋਟਿਸ ਭੇਜ ਕੇ ਉਨ੍ਹਾਂ 'ਤੇ 'ਚਾਈਲਡ ਪੋਰਨੋਗ੍ਰਾਫ਼ੀ', ਬਾਲ ਜਿਨਸੀ ਸ਼ੋਸ਼ਣ ਅਤੇ ਅਸ਼ਲੀਲ ਹਰਕਤਾਂ 'ਚ ਸ਼ਾਮਲ ਹੋਣ ਦਾ ਦੋਸ਼ ਲਗਾ ਰਹੇ ਹਨ।
ਇਨ੍ਹਾਂ ਫਰਜ਼ੀ ਈ-ਨੋਟਿਸ ਅਤੇ ਈ-ਮੇਲ 'ਚ ਇਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਦਾ ਡਰ ਦਿਖਾ ਕੇ ਇਨ੍ਹਾਂ ਤੋਂ ਪੈਸੇ ਵਸੂਲੇ ਜਾ ਰਹੇ ਹਨ। ਨੋਟਿਸ 'ਚ ਕਿਹਾ ਜਾਂਦਾ ਹੈ ਕਿ ਤੁਸੀਂ ਅਗਲੇ 24 ਘੰਟਿਆਂ 'ਚ ਉਨ੍ਹਾਂ ਦੇ ਕਹੇ ਅਨੁਸਾਰ ਸਹਿਯੋਗ ਕਰੋ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਸ ਤਰ੍ਹਾਂ ਦੇ ਮੇਲ ਅਤੇ ਨੋਟਿਸ ਦਾ ਜਵਾਬ ਨਹੀਂ ਦੇਣਾ ਚਾਹੀਦਾ ਅਤੇ ਜਾਂਚ ਏਜੰਸੀਆਂ ਨੂੰ ਤੁਰੰਤ ਇਸ ਦੀ ਸੂਚਨਾ ਦੇਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਏਜੰਸੀ ਕਦੇ ਵੀ ਇਸ ਤਰ੍ਹਾਂ ਦੇ ਈ-ਮੇਲ ਜਾਂ ਈ-ਨੋਟਿਸ ਨਹੀਂ ਭੇਜਦੀ ਹੈ। ਲੋਕਾਂ ਨੂੰ ਇਸ ਤਰ੍ਹਾਂ ਦੀ ਮੇਲ ਜਾਂ ਨੋਟਿਸ ਮਿਲਣ 'ਤੇ ਜਾਂਚ ਏਜੰਸੀ ਨੂੰ ਫੋਨ ਕਰ ਕੇ ਇਸ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਮੇਲ ਮਿਲਿਆ ਹੈ ਕੀ ਇਹ ਸਹੀ ਹੈ। ਲੋਕ ਇਸ ਤਰ੍ਹਾਂ ਦੇ ਮੇਲ ਮਿਲਣ 'ਤੇ ਸਾਈਬਰ ਅਪਰਾਧ ਹੈਲਪਲਾਈਨ ਨੰਬਰ 1930, ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ ਦੇ ਵੈੱਬਸਾਈਟ ਜਾਂ ਨਜ਼ਦੀਕੀ ਪੁਲਸ ਸਟੇਸ਼ਨ ਅਤੇ ਪੁਲਸ ਕੰਟਰੋਲ ਰੂਮ 'ਚ ਇਸ ਦੀ ਸ਼ਿਕਾਇਤ ਕਰ ਸਕਦੇ ਹਨ। ਸਰਕਾਰ ਨੇ ਜੁਲਾਈ 'ਚ ਵੀ ਇਸ ਬਾਰੇ ਵਿਸਥਾਰ ਨਾਲ ਐਡਵਾਇਜ਼ਰੀ ਜਾਰੀ ਕਰ ਕੇ ਲੋਕਾਂ ਨੂੰ ਇਸ ਤਰ੍ਹਾਂ ਦੇ ਫਰਜ਼ੀ ਮੇਲ ਅਤੇ ਈ-ਨੋਟਿਸ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8