ਭਾਰਤ ’ਚ ਮੰਡਰਾਉਣ ਲੱਗਾ Monkeypox ਦਾ ਖ਼ਤਰਾ, ਸਰਕਾਰ ਵਲੋਂ ਅਲਰਟ ਰਹਿਣ ਦੇ ਨਿਰਦੇਸ਼

Saturday, May 21, 2022 - 10:30 AM (IST)

ਨਵੀਂ ਦਿੱਲੀ– ਦੁਨੀਆ ਦੇ ਕੁਝ ਦੇਸ਼ਾਂ ਵਿਚ ਮੰਕੀਪਾਕਸ ਦੇ ਮਾਮਲੇ ਸਾਹਮਣੇ ਆਉਣ ਦਰਮਿਆਨ ਹੁਣ ਭਾਰਤ ’ਚ ਵੀ ਇਸ ਖ਼ਤਰਾ ਮੰਡਰਾਉਣ ਲੱਗਾ ਹੈ। ਸਾਵਧਾਨੀ ਵਰਤਣ ਲਈ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਨਿਰਦੇਸ਼ ਦਿੱਤਾ ਹੈ ਕਿ ਹੁਣ ਸਥਿਤੀ ’ਤੇ ਤਿੱਖੀ ਨਜ਼ਰ ਰੱਖੀ ਜਾਵੇ। ਸਿਹਤ ਮੰਤਰੀ ਦੇ ਅਧਿਕਾਰਤ ਸੂਤਰਾਂ ਨੇ ਕਿਹਾ ਕਿ ਰਾਸ਼ਟਰੀ ਰੋਗ ਕੰਟਰੋਲ ਕੇਂਦਰ (NCDC) ਅਤੇ ਭਾਰਤੀ ਮੈਡੀਕਲ ਖੋਜ ਪਰੀਸ਼ਦ (ICMR) ਸਥਿਤੀ ’ਤੇ ਤਿੱਖੀ ਨਜ਼ਰ ਰੱਖਣਗੇ। ਜਾਣਕਾਰੀ ਮੁਤਾਬਕ ਕੇਂਦਰੀ ਸਿਹਤ ਮੰਤਰਾਲਾ ਨੇ ਹਵਾਈ ਅੱਡਿਆਂ ਅਤੇ ਬੰਦਰਗਾਹਾਂ ਦੇ ਸਿਹਤ ਅਧਿਕਾਰੀਆਂ ਨੂੰ ਵੀ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ: ਕਾਂਗੋ 'ਚ ਮੰਕੀਪਾਕਸ ਨਾਲ 58 ਲੋਕਾਂ ਦੀ ਮੌਤ ਕਾਰਨ ਮਚਿਆ ਹੰਗਾਮਾ, WHO ਨੇ ਸੱਦੀ ਮੀਟਿੰਗ

ਇਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਉਨ੍ਹਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਮੰਕੀਪਾਕਸ ਪ੍ਰਭਾਵਿਤ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਕਿਸੇ ਵੀ ਬੀਮਾਰ ਯਾਤਰੀ ਨੂੰ ਆਈਸੋਲੇਟ ਕਰ ਦਿੱਤਾ ਜਾਵੇ ਅਤੇ ਨਮੂਨੇ ਟੈਸਟ ਲਈ ਪੁਣੇ ’ਚ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲਾਜੀ ਦੀ ਬੀ. ਐੱਸ. ਐੱਲ-4 ਸੁਵਿਧਾ ਵਾਲੀ ਪ੍ਰਯੋਗਸ਼ਾਲਾ ਨੂੰ ਭੇਜੇ ਜਾਣ। ਦੱਸਣਯੋਗ ਹੈ ਕਿ ਬ੍ਰਿਟੇਨ, ਅਮਰੀਕਾ, ਪੁਰਤਗਾਲ, ਸਪੇਨ, ਬੈਲਜ਼ੀਅਮ, ਫਰਾਂਸ, ਇਟਲੀ ਅਤੇ ਆਸਟ੍ਰੇਲੀਆ ’ਚ ਵੀ ਲੋਕ ਮੰਕੀਪਾਕਸ ਤੋਂ ਪੀੜਤ ਪਾਏ ਗਏ ਹਨ।

ਇਹ ਵੀ ਪੜ੍ਹੋ:  ਯੂਰਪ 'ਚ ਮੰਕੀਪਾਕਸ ਦਾ ਕਹਿਰ, ਸਪੇਨ 'ਚ 7 ਮਾਮਲੇ ਆਏ ਸਾਹਮਣੇ

ਦੱਸ ਦੇਈਏ ਕਿ ਮੰਕੀਪਾਕਸ ਇਕ ਵਾਇਰਲ ਇਨਫੈਕਸ਼ਨ ਹੈ, ਜੋ ਪਹਿਲੀ ਵਾਰ 1958 ’ਚ ਕੈਦ ਕੀਤੇ ਗਏ ਬੰਦਰ ’ਚ ਪਾਇਆ ਗਿਆ ਸੀ ਅਤੇ 1970 ’ਚ ਪਹਿਲੀ ਵਾਰ ਇਨਸਾਨ ’ਚ ਇਸ ਦੇ ਲਾਗ ਦੀ ਪੁਸ਼ਟੀ ਹੋਈ ਸੀ। ਇਸ ਬੀਮਾਰੀ ਦੇ ਜ਼ਿਆਦਾਤਰ ਮਾਮਲੇ ਮੱਧ ਅਤੇ ਪੱਛਮੀ ਅਫਰੀਕੀ ਦੇਸ਼ਾਂ ’ਚ ਮਿਲਦੇ ਹਨ।

ਇਹ ਹਨ ਮੰਕੀਪਾਕਸ ਦੇ ਲੱਛਣ 

WHO ਮੁਤਾਬਕ ਮੰਕੀਪਾਕਸ ਆਮ ਤੌਰ ’ਤੇ ਬੁਖ਼ਾਰ, ਧੱਫੜ ਅਤੇ ਸੁੱਜੇ ਹੋਏ ਲਿੰਫ ਨੋਡਸ, ਸਿਰ ਦਰਦ, ਪਿੱਠ ਦਰਦ, ਠੰਡ ਲੱਗਣਾ ਅਤੇ ਥਕਾਵਟ ਨਾਲ ਸ਼ੁਰੂ ਹੁੰਦਾ ਹੈ ਅਤੇ ਇਸ ਨਾਲ ਕਈ ਤਰ੍ਹਾਂ ਦੀਆਂ ਮੈਡੀਕਲ ਮੁਸ਼ਕਲਾਂ ਹੋ ਸਕਦੀਆਂ ਹਨ। ਇਹ ਗੰਭੀਰ ਵੀ ਹੋ ਸਕਦਾ ਹੈ।

ਇੰਝ ਫੈਲਦਾ ਹੈ ਮੰਕੀਪਾਕਸ

ਇਹ ਵਾਇਰਸ ਜ਼ਖਮਾਂ, ਸਰੀਰ ਦੇ ਛਾਲਿਆਂ ਤੋਂ ਨਿਕਲਣ ਵਾਲੇ ਹਰ ਤਰ੍ਹਾਂ ਦੇ ਤਰਲ ਪਦਾਰਥ (ਪਿਸ਼ਾਬ ਪਸੀਨਾ) ਸਾਹ ਅਤੇ ਬਿਸਤਰੇ ਵਰਗੀ ਦੂਸ਼ਿਤ ਸਮੱਗਰੀ ਦੇ ਨੇੜੇ ਸੰਪਰਕ ਨਾਲ ਇਕ ਵਿਅਕਤੀ ਤੋਂ ਦੂਜੇ ਵਿਅਕਤੀ ’ਚ ਫੈਲਦਾ ਹੈ। WHO ਦਾ ਕਹਿਣਾ ਹੈ ਕਿ ਮੰਕੀਪਾਕਸ ਇਕ ਤਰ੍ਹਾਂ ਨਾਲ ਚੇਚਕ ਨਾਲ ਮਿਲਦੀ ਜੁਲਦੀ ਬੀਮਾਰੀ ਹੈ।


Tanu

Content Editor

Related News