ਹੋਲੀ ਮੌਕੇ ਸਕੂਲ ਜਾ ਰਹੇ ਅਧਿਆਪਕਾਂ ਦੇ ਗੁੰਡਿਆਂ ਨੇ ਤੋੜੇ ਹੱਥ-ਪੈਰ, ਸੁੱਟੇ ਅੰਡੇ, ਗਾਰਾ ਤੇ ਟਮਾਟਰ
Tuesday, Mar 26, 2024 - 06:17 AM (IST)
ਪਟਨਾ (ਬਿਊਰੋ)- ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਕੇ. ਕੇ. ਪਾਠਕ ਦੇ ਹੁਕਮਾਂ 'ਤੇ ਰੱਖੜੀ, ਦੁਸਹਿਰੇ ਤੇ ਹੁਣ ਹੋਲੀ ਮੌਕੇ ਸਕੂਲ ਬੰਦ ਨਾ ਕੀਤੇ ਜਾਣ ਕਾਰਨ ਅਧਿਆਪਕਾਂ 'ਚ ਭਾਰੀ ਰੋਸ ਹੈ। ਦਰਅਸਲ ਹੋਲੀ 'ਤੇ ਸਕੂਲ ਖੁੱਲ੍ਹਣ ਕਾਰਨ ਅਧਿਆਪਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ ਹੈ। ਸਮੇਂ ਸਿਰ ਸਕੂਲ ਪਹੁੰਚਣ ਲਈ ਉਨ੍ਹਾਂ ਨੂੰ ਹੋਲੀ ਮੌਕੇ ਗੁੰਡਾਗਰਦੀ ਦਾ ਸਾਹਮਣਾ ਕਰਨਾ ਪਿਆ। ਗੁੰਡਿਆਂ ਨੇ ਉਨ੍ਹਾਂ ਨੂੰ ਰੰਗ ਦੀ ਬਜਾਏ ਗੰਦੇ ਚਿੱਕੜ ਨਾਲ ਨਵਾਇਆ। ਇੰਨਾ ਹੀ ਨਹੀਂ, ਕਈ ਅਧਿਆਪਕ ਫਰਾਰ ਹੁੰਦੇ ਹੋਏ ਜ਼ਖ਼ਮੀ ਵੀ ਹੋ ਗਏ।
ਇਸ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਮਨਾਈ ਹੋਲੀ, ਪਿਤਾ ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ
ਅਧਿਆਪਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ
ਇਸ ਸਬੰਧੀ ਟੀ. ਈ. ਟੀ. ਪ੍ਰਾਇਮਰੀ ਟੀਚਰਜ਼ ਐਸੋਸੀਏਸ਼ਨ ਦੇ ਸੂਬਾ ਕਨਵੀਨਰ ਰਾਜੂ ਸਿੰਘ ਨੇ ਦੱਸਿਆ ਕਿ ਪੂਰੇ ਬਿਹਾਰ 'ਚ 25 ਮਾਰਚ ਤੇ 26 ਮਾਰਚ ਨੂੰ ਕੁਝ ਥਾਵਾਂ 'ਤੇ ਹੋਲੀ ਮਨਾਈ ਜਾ ਰਹੀ ਹੈ। ਇਸ ਤੋਂ ਬਾਅਦ ਵੀ ਬਿਹਾਰ ਦੇ ਸਿੱਖਿਆ ਵਿਭਾਗ ਨੇ ਅੱਜ ਸਕੂਲ ਖੁੱਲ੍ਹੇ ਰੱਖਣ ਦੇ ਹੁਕਮ ਦਿੱਤੇ ਹਨ। ਭਾਵੇਂ ਕਿ ਹੋਲੀ ਕਾਰਨ ਸਕੂਲ 'ਚ ਬੱਚਿਆਂ ਦੀ ਹਾਜ਼ਰੀ ਨਾ-ਮਾਤਰ ਰਹੀ ਪਰ ਸਿੱਖਿਆ ਵਿਭਾਗ ਦੇ ਹੁਕਮਾਂ ਕਾਰਨ ਅਧਿਆਪਕਾਂ ਨੂੰ ਸਕੂਲ 'ਚ ਪੁੱਜਣਾ ਪਿਆ। ਇਸ ਦੌਰਾਨ ਉਨ੍ਹਾਂ ਨੂੰ ਹੋਲੀ ਮੌਕੇ ਗੁੰਡਾਗਰਦੀ ਦਾ ਸਾਹਮਣਾ ਵੀ ਕਰਨਾ ਪਿਆ। ਸਕੂਲ 'ਚ ਆਉਂਦੇ ਸਮੇਂ ਗੁੰਡਿਆਂ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਦਰਜਨਾਂ ਅਧਿਆਪਕਾਂ ਦੇ ਜਾਂ ਤਾਂ ਸਿਰ ਟੁੱਟ ਗਏ ਜਾਂ ਹੱਥ ਟੁੱਟ ਗਏ ਜਾਂ ਕਿਸੇ ਹੋਰ ਤਰੀਕੇ ਨਾਲ ਜ਼ਖ਼ਮੀ ਹੋ ਗਏ। ਗੁੰਡਿਆਂ ਨੇ ਉਨ੍ਹਾਂ ਅਧਿਆਪਕਾਂ ਨੂੰ ਗੰਦੇ ਚਿੱਕੜ ਤੇ ਗੋਬਰ ਨਾਲ ਗੰਦਾ ਕਰ ਦਿੱਤਾ। ਇਥੋਂ ਤਕ ਕਿ ਮਹਿਲਾ ਅਧਿਆਪਕਾਂ ਨੂੰ ਵੀ ਅਜਿਹੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਅਧਿਆਪਕਾਂ ਦੇ ਕੱਪੜੇ ਵੀ ਪਾੜ ਦਿੱਤੇ ਗਏ।
ਪੁੱਛਿਆ, ਕੌਣ ਹੈ ਜ਼ਿੰਮੇਵਾਰ?
ਇਸ ਸਬੰਧੀ ਟੀ. ਈ. ਟੀ. ਐਲੀਮੈਂਟਰੀ ਟੀਚਰਜ਼ ਐਸੋਸੀਏਸ਼ਨ ਦੇ ਸੂਬਾ ਕਨਵੀਨਰ ਰਾਜੂ ਸਿੰਘ ਨੇ ਕਿਹਾ ਕਿ ਹੁਣ ਇਹ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਣੀ ਚਾਹੀਦੀ ਹੈ ਕਿ ਅੱਜ ਸਰਕਾਰੀ ਸਕੂਲਾਂ ਨੂੰ ਖੁੱਲ੍ਹੇ ਰੱਖਣ ਦਾ ਹੁਕਮ ਕਿਸ ਮਕਸਦ ਲਈ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਦਸੇ ਦਾ ਸ਼ਿਕਾਰ ਹੋਏ ਅਧਿਆਪਕਾਂ ਲਈ ਕੌਣ ਜ਼ਿੰਮੇਵਾਰ ਹੈ? ਇਸ ਘਟਨਾ ਦੀ ਜ਼ਿੰਮੇਵਾਰੀ ਵੀ ਤੈਅ ਹੋਣੀ ਚਾਹੀਦੀ ਹੈ।
ਮੁੱਖ ਮੰਤਰੀ, ਰਾਜਪਾਲ ਤੇ ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ
ਟੀ. ਈ. ਟੀ. ਐਲੀਮੈਂਟਰੀ ਟੀਚਰਜ਼ ਐਸੋਸੀਏਸ਼ਨ ਦੇ ਸੂਬਾ ਕਨਵੀਨਰ ਰਾਜੂ ਕੁਮਾਰ ਨੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਬਿਹਾਰ ਦੀ ਐੱਨ. ਡੀ. ਏ. ਸਰਕਾਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਲੋਂ ਅਧਿਆਪਕਾਂ ਨੂੰ ਜਾਣਬੁਝ ਕੇ ਪ੍ਰੇਸ਼ਾਨ ਕਰ ਰਹੀ ਹੈ। ਤਿਉਹਾਰਾਂ ਦੌਰਾਨ ਵੀ ਅਧਿਆਪਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੇ ਬੱਚਿਆਂ ਤੋਂ ਦੂਰ ਰੱਖਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਨਿਤੀਸ਼ ਕੁਮਾਰ, ਰਾਜਪਾਲ ਰਾਜਿੰਦਰ ਵਿਸ਼ਵਨਾਥ ਅਰਲੇਕਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਬਿਹਾਰ ਦੇ ਅਧਿਆਪਕਾਂ ਦੀ ਦੁਰਦਸ਼ਾ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੇ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਨੂੰ ਜਿਸ ਤਰ੍ਹਾਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਉਸ ਦਾ ਨੋਟਿਸ ਲੈ ਕੇ ਉਨ੍ਹਾਂ ਨਾਲ ਇਨਸਾਫ਼ ਕੀਤਾ ਜਾਵੇ।
ਗੁੰਡੇ ਸਕੂਲ 'ਚ ਦਾਖ਼ਲ ਹੋਏ
ਟੀ. ਈ. ਟੀ. ਪ੍ਰਾਇਮਰੀ ਟੀਚਰਜ਼ ਐਸੋਸੀਏਸ਼ਨ ਦੇ ਸੂਬਾ ਕਨਵੀਨਰ ਰਾਜੂ ਕੁਮਾਰ ਨੇ ਕਿਹਾ ਕਿ ਅਧਿਆਪਕਾਂ ਨੂੰ ਸਕੂਲ 'ਚ ਆਉਣ 'ਚ ਕੁਝ ਦਿੱਕਤ ਦਾ ਸਾਹਮਣਾ ਕਰਨਾ ਪਿਆ ਪਰ ਇਹ ਉਸ ਸਮੇਂ ਹੱਦ ਤੱਕ ਪਹੁੰਚ ਗਿਆ, ਜਦੋਂ ਕੁਝ ਗੁੰਡੇ ਅਧਿਆਪਕ ਦਾ ਪਿੱਛਾ ਕਰਦਿਆਂ ਸਕੂਲ ਕੈਂਪਸ 'ਚ ਦਾਖ਼ਲ ਹੋ ਗਏ। ਉਨ੍ਹਾਂ ਅਧਿਆਪਕ 'ਤੇ ਅਸ਼ਲੀਲ ਟਿੱਪਣੀਆਂ ਵੀ ਕੀਤੀਆਂ। ਫਿਰ ਸਕੂਲ 'ਚ ਮੌਜੂਦ ਅਧਿਆਪਕਾਂ ਨੇ ਸਥਾਨਕ ਲੋਕਾਂ ਨੂੰ ਬੁਲਾਇਆ ਤਾਂ ਗੁੰਡੇ ਉਥੋਂ ਭੱਜ ਗਏ। ਇਹ ਘਟਨਾ ਮੁਜ਼ੱਫਰਪੁਰ ਜ਼ਿਲੇ ਦੇ ਬੋਚਾਹਾ ਦੇ ਰਾਮਪੁਰ ਜੈਪਾਲ ਮਿਡਲ ਸਕੂਲ 'ਚ ਵਾਪਰੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।