ਗੂਗਲ ਨੇ ਡੂਡਲ ਬਣਾ ਕੇ ਵਿਕਰਮ ਸਾਰਾਭਾਈ ਨੂੰ ਕੀਤਾ ਯਾਦ

Monday, Aug 12, 2019 - 05:57 PM (IST)

ਗੂਗਲ ਨੇ ਡੂਡਲ ਬਣਾ ਕੇ ਵਿਕਰਮ ਸਾਰਾਭਾਈ ਨੂੰ ਕੀਤਾ ਯਾਦ

ਨਵੀਂ ਦਿੱਲੀ— ਭਾਰਤ ਨੂੰ ਪੁਲਾੜ ਤੱਕ ਪਹੁੰਚਾਉਣ ਵਾਲੇ ਵਿਗਿਆਨੀ ਵਿਕਰਮ ਸਾਰਾਭਾਈ ਦੀ 100ਵੀਂ ਜਯੰਤੀ ਮੌਕੇ ਗੂਗਲ ਨੇ ਡੂਡਲ ਬਣਾ ਕੇ ਉਨ੍ਹਾਂ ਨੂੰ ਯਾਦ ਕੀਤਾ ਹੈ। ਅਹਿਮਦਾਬਾਦ ਦੇ ਇਕ ਕੱਪੜਾ ਵਪਾਰੀ ਦੇ ਘਰ 12 ਅਗਸਤ 1919 ਨੂੰ ਜਨਮੇ ਸਾਰਾਭਾਈ ਦੀ ਗਿਣਤੀ ਭਾਰਤ ਦੇ ਮਹਾਨ ਵਿਗਿਆਨੀਆਂ 'ਚ ਕੀਤੀ ਜਾਂਦੀ ਹੈ। ਉਹ ਆਪਣੇ ਨਾਲ ਕੰਮ ਕਰਨ ਵਾਲੇ ਵਿਗਿਆਨੀਆਂ, ਵਿਸ਼ੇਸ਼ ਕਰ ਕੇ ਨੌਜਵਾਨ ਵਿਗਿਆਨੀਆਂ ਨੂੰ ਅੱਗੇ ਵਧਣ 'ਚ ਕਾਫੀ ਮਦਦ ਕਰਦੇ ਸਨ। ਸਾਰਾਭਾਈ ਨੇ ਭਾਰਤ ਦੇ ਪੁਲਾੜ ਖੋਜ ਦੇ ਖੇਤਰ 'ਚ ਕਾਫੀ ਯੋਗਦਾਨ ਦਿੱਤਾ। ਉਨ੍ਹਾਂ ਨੇ 1947 'ਚ ਅਹਿਮਦਾਬਾਦ 'ਚ ਭੌਤਿਕ ਖੋਜ ਪ੍ਰਯੋਗਸ਼ਾਲਾ (ਪੀ.ਆਰ.ਐੱਲ.) ਦੀ ਸਥਾਪਨਾ ਕੀਤੀ ਅਤੇ ਥੋੜ੍ਹੇ ਹੀ ਸਮੇਂ 'ਚ ਇਸ ਨੂੰ ਵਿਸ਼ਵ ਪੱਧਰੀ ਸੰਸਥਾ ਬਣਾ ਦਿੱਤਾ। 

ਵਿਗਿਆਨੀਆਂ ਨੇ ਜਦੋਂ ਪੁਲਾੜ ਅਧਿਐਨ ਲਈ ਸੈਟੇਲਾਈਟਸ ਨੂੰ ਇਕ ਅਹਿਮ ਸਾਧਨ ਦੇ ਰੂਪ 'ਚ ਦੇਖਿਆ ਤਾਂ ਸਾਬਕਾ ਪ੍ਰਧਾਨ ਮੰਤਰੀ ਪੰਡਤ ਜਵਾਹਰਲਾਲ ਨਹਿਰੂ ਅਤੇ ਸ਼੍ਰੀ ਹੋਮੀ ਭਾਭਾ ਨੇ ਸ਼੍ਰੀ ਵਿਕਰਮ ਸਾਰਾਭਾਈ ਨੂੰ ਪ੍ਰਧਾਨ ਬਣਾਉਂਦੇ ਹੋਏ ਇੰਡੀਅਨ ਨੈਸ਼ਨਲ ਕਮੇਟੀ ਫਾਰ ਸਪੇਸ ਰਿਸਰਚ ਦੀ ਸਥਾਪਨਾ ਲਈ ਸਮਰਥਨ ਦਿੱਤਾ। ਉਨ੍ਹਾਂ ਨੇ 15 ਅਗਸਤ 1969 ਨੂੰ ਇੰਡੀਅਨ ਸਪੇਸ ਰੀਸਰਚ ਆਰਗਨਾਈਜੇਸ਼ਨ (ਇਸਰੋ) ਦੀ ਸਥਾਪਨਾ ਕੀਤੀ। ਸ਼੍ਰੀ ਵਿਕਰਮ ਸਾਰਾਭਾਈ ਦਾ ਸਿਰਫ 52 ਸਾਲ ਦੀ ਉਮਰ 'ਚ 30 ਦਸੰਬਰ 1971 ਨੂੰ ਤਿਰੁਅਨੰਤਪੁਰਮ 'ਚ ਦਿਹਾਂਤ ਹੋ ਗਿਆ।


author

DIsha

Content Editor

Related News