ਯੂ. ਏ. ਈ. ਨੇ ਬਦਲੇ ਨਿਯਮ, ਹੁਣ ਭਾਰਤੀਆਂ ਲਈ ਵਰਕ ਵੀਜ਼ਾ ਲੈਣਾ ਹੋਇਆ ਸੌਖਾ

Tuesday, Apr 03, 2018 - 11:53 AM (IST)

ਯੂ. ਏ. ਈ. ਨੇ ਬਦਲੇ ਨਿਯਮ, ਹੁਣ ਭਾਰਤੀਆਂ ਲਈ ਵਰਕ ਵੀਜ਼ਾ ਲੈਣਾ ਹੋਇਆ ਸੌਖਾ

ਦੁਬਈ— ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਵਰਕ ਵੀਜ਼ਾ ਲਈ ਚੰਗੇ ਵਿਵਹਾਰ ਦੇ ਸਰਟੀਫਿਕੇਟ ਦੀ ਜ਼ਰੂਰਤ ਨੂੰ ਫਿਲਹਾਲ ਖਤਮ ਕਰ ਦਿੱਤਾ ਹੈ। ਇਸ ਨਾਲ ਉਨ੍ਹਾਂ ਹਜ਼ਾਰਾਂ ਭਾਰਤੀ ਕਾਰੀਗਰਾਂ ਨੂੰ ਲਾਭ ਹੋ ਸਕਦਾ ਹੈ ਜੋ ਹਰ ਸਾਲ ਉੱਥੇ ਜਾਂਦੇ ਹਨ। ਸੰਯੁਕਤ ਅਰਬ ਅਮੀਰਾਤ ਮਨੁੱਖੀ ਸਰੋਤ ਮੰਤਰਾਲੇ ਨੇ ਐਤਵਾਰ ਨੂੰ ਐਲਾਨ ਕੀਤਾ ਹੈ ਕਿ ਵਰਕ ਵੀਜ਼ੇ ਲਈ ਚੰਗੇ ਵਿਵਹਾਰ ਦੇ ਸਰਟੀਫਿਕੇਟ ਨੂੰ ਅਗਲੇ ਹੁਕਮਾਂ ਤਕ ਬੰਦ ਕਰ ਦਿੱਤਾ ਗਿਆ ਹੈ। ਇਹ 1 ਅਪ੍ਰੈਲ ਤੋਂ ਲਾਗੂ ਹੋਇਆ। ਇਸ ਸਰਟੀਫਿਕੇਟ ਨੂੰ ਪੁਲਸ ਇਜਾਜ਼ਤ ਪ੍ਰਮਾਣ ਪੱਤਰ ਵੀ ਕਿਹਾ ਜਾਂਦਾ ਹੈ। ਇਸ ਨੂੰ 4 ਫਰਵਰੀ ਤੋਂ ਜ਼ਰੂਰੀ ਬਣਾਇਆ ਗਿਆ ਸੀ। 
ਕਿਉਂ ਜ਼ਰੂਰੀ ਸੀ ਸਰਟੀਫਿਕੇਟ ?
ਕੰਮ ਕਰਨ ਲਈ ਯੂ. ਏ. ਈ. ਜਾਣ ਵਾਲੇ ਕਿਸੇ ਵੀ ਭਾਰਤੀ ਨੂੰ ਨਜ਼ਦੀਕੀ ਪੁਲਸ ਸਟੇਸ਼ਨ ਤੋਂ ਸਰਟੀਫਿਕੇਟ ਲੈ ਕੇ ਪੇਸ਼ ਕਰਨਾ ਜ਼ਰੂਰੀ ਸੀ। ਇਸ 'ਚ ਦਿਖਾਇਆ ਜਾਂਦਾ ਸੀ ਕਿ ਸਰਟੀਫਿਕੇਟ ਲੈਣ ਵਾਲੇ ਵਿਅਕਤੀ ਦਾ ਕੋਈ ਅਪਰਾਧਕ ਇਤਿਹਾਸ ਨਹੀਂ ਹੈ ਅਤੇ ਉਹ ਅਜਿਹੇ ਕਿਸੇ ਮਾਮਲੇ 'ਚ ਦੋਸ਼ੀ ਨਹੀਂ ਰਿਹਾ ਹੈ। ਨਵੀਂ ਦਿੱਲੀ ਸਥਿਤ ਯੂ. ਏ. ਈ. ਵੀਜ਼ਾ ਕੇਂਦਰ ਦੇ ਨਿਰਦੇਸ਼ਕ ਰੇਹਾਬ ਅਲ ਮੰਸੂਰੀ ਨੇ ਇਕ ਬਿਆਨ ਜਾਰੀ ਕਰਕੇ ਯੂ. ਏ. ਈ. ਕੌਂਸਲਰ ਸੈਕਸ਼ਨ ਦੇ ਕਈ ਅਧਿਕਾਰਤ ਏਜੰਟਾਂ ਨੂੰ ਦੱਸਿਆ ਕਿ 2 ਅਪ੍ਰੈਲ ਤੋਂ ਵਰਕ ਵੀਜ਼ਾ ਲਈ ਅਸਥਾਈ ਰੂਪ ਤੋਂ ਪੁਲਸ ਦੀ ਇਜਾਜ਼ਤ ਵਾਲੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੋਵੇਗੀ। ਯੂ. ਏ. ਈ. ਦੂਤਘਰ ਦੇ ਅਧਿਕਾਰੀਆਂ ਨੇ ਕਿਹਾ ਕਿ ਨਵੇਂ ਨਿਯਮ ਭਾਰਤ ਅਤੇ ਪਾਕਿਸਤਾਨ ਸਮੇਤ ਕੁੱਝ ਸਾਰਕ ਦੇਸ਼ਾਂ ਦੇ ਨਾਗਰਿਕਾਂ ਲਈ ਲਾਗੂ ਹੋਣਗੇ। 
ਯੂ. ਏ. ਈ. ਦੇ ਭਾਰਤ 'ਚ ਦਿੱਲੀ, ਮੁੰਬਈ ਅਤੇ ਤਿਰੂਵੰਤਪੁਰਮ ਭਾਵ ਕੁੱਲ ਤਿੰਨ ਵੀਜ਼ਾ ਕੇਂਦਰ ਹਨ। ਸਿਰਫ ਦਿੱਲੀ ਸਥਿਤ ਕੇਂਦਰ ਨੇ ਪਿਛਲੇ ਸਾਲ 50 ਹਜ਼ਾਰ ਵੀਜ਼ਾ ਜਾਰੀ ਕੀਤੇ ਸਨ ਜਦ ਕਿ ਪਿਛਲੇ ਸਾਲ ਕੁੱਲ 16 ਲੱਖ ਭਾਰਤੀ ਯੂ. ਏ. ਈ. ਗਏ ਸਨ।
ਯੂ. ਏ. ਈ. ਕੈਬਨਿਟ ਨੇ ਲਿਆ ਫੈਸਲਾ—
ਸੂਤਰਾਂ ਮੁਤਾਬਕ ਵਰਕ ਵੀਜ਼ਾ ਲਈ ਅਪੀਲ ਕਰਨ ਵਾਲੇ ਵਿਦੇਸ਼ੀਆਂ ਨੂੰ ਇਹ ਅਸਥਾਈ ਰਾਹਤ ਦੇਣ ਦਾ ਫੈਸਲਾ ਯੂ. ਏ. ਈ. ਕੈਬਨਿਟ ਦਾ ਹੈ। ਹਾਲਾਂਕਿ ਕੈਬਨਿਟ ਨੇ ਇਸ ਛੋਟ ਨੂੰ ਖਤਮ ਕਰਨ ਦੀ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ। ਯੂ. ਏ. ਈ. ਦੇ ਅਧਿਕਾਰੀਆਂ ਨੇ ਕਿਹਾ, ''ਅਤੀਤ 'ਚ ਵਰਕ ਵੀਜ਼ਾ ਲਈ ਅਪਲਾਈ ਕਰਨ ਵਾਲੇ ਭਾਰਤੀਆਂ ਦੀवਯੂ. ਏ. ਈ. 'ਚ ਜਾਂਚ ਕੀਤੀ ਜਾਂਦੀ ਸੀ। ਬਿਨੈਕਾਰਾਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਲਈ ਫਰਵਰੀ 'ਚ ਇਕ ਬਦਲਾਅ ਕੀਤਾ ਗਿਆ ਸੀ, ਤਾਂ ਕਿ ਉਹ ਜਲਦੀ ਤੋਂ ਜਲਦੀ ਯੂ. ਏ. ਈ. ਪੁੱਜ ਕੇ ਕੰਮ ਸ਼ੁਰੂ ਕਰ ਸਕਣ।'' ਮੀਡੀਆ ਰਿਪੋਰਟਾਂ ਮੁਤਾਬਕ,''ਪੁਲਸ ਤੋਂ ਸਰਟੀਫਿਕੇਟ ਲੈਣ ਵਾਲੇ ਕੰਮ ਨੇ ਕਈ ਦੇਸ਼ਾਂ 'ਚ ਕਾਫੀ ਵਹਿਮ ਪੈਦਾ ਕੀਤੇ ਹੋਏ ਸਨ।''


Related News