ਲਿਥੀਅਮ ਤੋਂ ਬਾਅਦ ਹੁਣ ਦੇਸ਼ ’ਚ ਮਿਲਿਆ ਸੋਨੇ ਦਾ ਭੰਡਾਰ
Wednesday, Mar 01, 2023 - 10:49 AM (IST)

ਭੁਵਨੇਸ਼ਵਰ- ਜ਼ਿਆਲੋਜੀਕਲ ਸਰਵੇ ਆਫ ਇੰਡੀਆ ਦੇ ਸਰਵੇ ਵਿੱਚ ਓਡਿਸ਼ਾ ਦੇ ਤਿੰਨ ਜ਼ਿਲਿਆਂ ਵਿੱਚ ਸੋਨੇ ਦੇ ਭੰਡਾਰ ਪਾਏ ਗਏ ਹਨ। ਰਾਜ ਦੇ ਇਸਪਾਤ ਅਤੇ ਖਾਨ ਮੰਤਰੀ ਪ੍ਰਫੁੱਲ ਮਲਿਕ ਨੇ ਮੰਗਲਵਾਰ ਕਿਹਾ ਕਿ ਦੇਵਗੜ੍ਹ, ਕਿਓਂਝਰ ਅਤੇ ਮਯੂਰਭੰਜ ਜ਼ਿਲਿਆਂ ਵਿੱਚ ਸੋਨੇ ਦੇ ਭੰਡਾਰ ਮਿਲੇ ਹਨ।
ਇਹ ਖਬਰ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ’ਚ ਭਾਰਤੀ ਭੂ-ਵਿਗਿਆਨ ਸਰਵੇਖਣ ਨੇ ਇਲੈਕਟ੍ਰਿਕ ਵਾਹਨਾਂ ਅਤੇ ਸੋਲਰ ਪੈਨਲ ਬਣਾਉਣ ’ਚ ਵਰਤੀ ਜਾਣ ਵਾਲੀ ਮਹੱਤਵਪੂਰਨ ਧਾਤੂ ਲਿਥੀਅਮ ਦੇ 5.9 ਮਿਲੀਅਨ ਟਨ ਭੰਡਾਰ ਦਾ ਪਤਾ ਲਾਇਆ ਹੈ।
ਮਲਿਕ ਨੇ ਵਿਧਾਨ ਸਭਾ ਵਿੱਚ ਧੇਨਕਨਾਲ ਦੇ ਵਿਧਾਇਕ ਸੁਧੀਰ ਕੁਮਾਰ ਦੇ ਇੱਕ ਲਿਖਤੀ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਹ ਸੋਨੇ ਦੇ ਭੰਡਾਰ ਕਿਓਂਝਾਰ ਅਤੇ ਮਯੂਰਭੰਜ ਜ਼ਿਲਿਆਂ ਵਿੱਚ 4-4 ਥਾਵਾਂ ਦੇ ਨਾਲ-ਨਾਲ ਦੇਵਗੜ੍ਹ ਵਿੱਚ ਵੀ ਮਿਲੇ ਹਨ।
ਜ਼ਿਲਿਆਂ ਦੇ ਵਖ-ਵਖ ਖੇਤਰਾਂ ਵਿੱਚ ਦਿਮੀਰੀਮੁੰਡਾ, ਕੁਸ਼ਾਕਲਾ, ਗੋਟੀਪੁਰ, ਗੋਪੁਰ, ਜੋਸ਼ੀਪੁਰ, ਸੂਰੀਆਗੁਡਾ, ਰੁਆਂਸੀਲਾ, ਧੂਸ਼ੁਰਾ ਪਹਾੜੀ ਅਤੇ ਅਦਾਸ ਸ਼ਾਮਲ ਹਨ। ਇਨ੍ਹਾਂ ਖੇਤਰਾਂ ਵਿੱਚ ਪਹਿਲਾ ਸਰਵੇਖਣ 1970 ਅਤੇ 1980 ਵਿੱਚ ਕੀਤਾ ਗਿਆ ਸੀ ਪਰ ਉਸ ਸਰਵੇਖਣ ਦੇ ਨਤੀਜੇ ਜਾਰੀ ਨਹੀਂ ਕੀਤੇ ਗਏ ਸਨ। ਪਿਛਲੇ 2 ਸਾਲਾਂ ਵਿੱਚ ਇਲਾਕੇ ’ਚ ਨਵਾਂ ਸਰਵੇਖਣ ਕੀਤਾ ਗਿਆ ਸੀ।