ਗਲੋਬਲ ਪਾਸਪੋਰਟ ਇੰਡੈਕਸ ''ਚ ਇਕ ਸਥਾਨ ਹੇਠਾਂ ਡਿੱਗਾ ਭਾਰਤ, ਇਨ੍ਹਾਂ ਦੇਸ਼ਾਂ ''ਚ ਮਿਲਦੀ ਹੈ ਵੀਜ਼ਾ-ਫ੍ਰੀ ਐਂਟਰੀ
Monday, Jul 06, 2026 - 10:40 AM (IST)
ਨਵੀਂ ਦਿੱਲੀ- ਗਲੋਬਲ ਪਾਸਪੋਰਟ ਇੰਡੈਕਸ (ਸੂਚਕ ਅੰਕ) ’ਚ ਭਾਰਤ ਪਿਛਲੇ ਸਾਲ ਦੇ ਮੁਕਾਬਲੇ ਇਕ ਸਥਾਨ ਡਿੱਗ ਕੇ 125ਵੇਂ ਸਥਾਨ ’ਤੇ ਪੁੱਜ ਗਿਆ ਹੈ। ਗਲੋਬਲ ਸਿਟੀਜ਼ਨ ਸਾਲਿਊਸ਼ਨ ਵੱਲੋਂ ਜਾਰੀ ਪੰਜਵੀਂ ਸਾਲਾਨਾ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਭਾਰਤ ਤੋਂ ਪਹਿਲਾਂ ਨਾਮੀਬੀਆ 124ਵੇਂ ਸਥਾਨ ’ਤੇ ਹੈ। ਉੱਥੇ ਹੀ ਅਜ਼ਰਬਾਈਜਾਨ 126ਵੇਂ ਸਥਾਨ ’ਤੇ ਹੈ। ਜ਼ਿਆਦਾਤਰ ਪਾਸਪੋਰਟ ਰੈਂਕਿੰਗ ਵੀਜ਼ਾ ਫ੍ਰੀ ਟ੍ਰੈਵਲ ਦੇ ਆਧਾਰ ’ਤੇ ਤੈਅ ਕੀਤੀ ਜਾਂਦੀ ਹੈ ਪਰ ਗਲੋਬਲ ਪਾਸਪੋਰਟ ਇੰਡੈਕਸ ’ਚ ਪਾਸਪੋਰਟ ਦੀ ਮਜ਼ਬੂਤੀ ਗਲੋਬਲ ਮੋਬਿਲਿਟੀ, ਨਿਵੇਸ਼ ਦੀ ਸਮਰੱਥਾ ਅਤੇ ਜੀਵਨ ਦੀ ਗੁਣਵੱਤਾ ਨੂੰ ਧਿਆਨ ’ਚ ਰੱਖ ਕੇ ਤੈਅ ਕੀਤੀ ਜਾਂਦੀ ਹੈ।
2021 ਦੇ ਮੁਕਾਬਲੇ 2 ਸਥਾਨਾਂ ਦਾ ਸੁਧਾਰ
ਇਸ ਰੈਂਕਿੰਗ ’ਚ ਕੁੱਲ 197 ਦੇਸ਼ਾਂ ’ਚੋਂ ਭਾਰਤ 125ਵੇਂ ਸਥਾਨ ’ਤੇ ਹੈ। ਪਿਛਲੇ ਸਾਲ ਭਾਰਤ 124ਵੇਂ ਸਥਾਨ ’ਤੇ ਸੀ। ਉੱਥੇ ਹੀ 2021 ’ਚ ਉਹ 127ਵੇਂ ਰੈਂਕ ’ਤੇ ਸੀ। ਅਜਿਹੇ ’ਚ ਜੇ 2021 ਤੋਂ ਹੁਣ ਤੱਕ ਦੇ ਰਿਕਾਰਡ ’ਤੇ ਗੌਰ ਕਰੀਏ ਤਾਂ ਭਾਰਤ ਦੀ ਸਥਿਤੀ ’ਚ ਦੋ ਸਥਾਨਾਂ ਦਾ ਸੁਧਾਰ ਹੋਇਆ ਹੈ। ਇਸ ਤੋਂ ਇਲਾਵਾ ਭਾਰਤ ਦਾ ਕੰਪੋਜ਼ਿਟ ਸਕੋਰ ਵੀ 45.1 ’ਤੇ ਪੁੱਜ ਗਿਆ ਹੈ। ਰਿਪੋਰਟ ਮੁਤਾਬਕ ਭਾਰਤ 26 ਦੇਸ਼ਾਂ ਦੇ ਲੋਕਾਂ ਨੂੰ ਵੀਜ਼ਾ ਫ੍ਰੀ ਐਂਟਰੀ ਦਿੰਦਾ ਹੈ। ਇਨ੍ਹਾਂ ’ਚ ਭੂਟਾਨ, ਜਮੈਕਾ, ਮਕਾਓ, ਨੇਪਾਲ, ਫਲਸਤੀਨ, ਟਿਊਨੀਸ਼ੀਆ ਅਤੇ ਅੰਗੋਲਾ ਸ਼ਾਮਲ ਹਨ। ਉੱਥੇ ਹੀ ਭਾਰਤ ਦੇ ਲੋਕਾਂ ਨੂੰ ਹਾਲੇ ਵੀ 88 ਦੇਸ਼ਾਂ ’ਚ ਵੀਜ਼ੇ ਦੀ ਲੋੜ ਪੈਂਦੀ ਹੈ। ਇਨ੍ਹਾਂ ’ਚ ਅਮਰੀਕਾ, ਯੂ.ਕੇ., ਜਰਮਨੀ, ਫਰਾਂਸ, ਚੀਨ ਅਤੇ ਯੂ.ਏ.ਈ. ਵੀ ਸ਼ਾਮਲ ਹਨ।
ਸਵੀਡਨ ਟਾਪ ’ਤੇ
ਗਲੋਬਲ ਪਾਸਪੋਰਟ ਇੰਡੈਕਸ ’ਚ ਸਭ ਤੋਂ ਟਾਪ ’ਤੇ ਸਵੀਡਨ ਹੈ। ਇਸ ਤੋਂ ਬਾਅਦ ਸਵਿਟਜ਼ਰਲੈਂਡ, ਫਿਨਲੈਂਡ, ਜਰਮਨੀ, ਨੀਦਰਲੈਂਡਸ, ਡੈਨਮਾਰਕ, ਆਇਰਲੈਂਡ, ਯੂ. ਕੇ., ਨਾਰਵੇ ਅਤੇ ਸਿੰਗਾਪੁਰ ਦਾ ਸਥਾਨ ਹੈ।
ਕਿਸ ਸਥਾਨ ’ਤੇ ਹਨ ਭਾਰਤ ਦੇ ਗੁਆਂਢੀ
ਭਾਰਤ ਦਾ ਗੁਆਂਢੀ ਦੇਸ਼ ਚੀਨ ਇਸ ਰੈਂਕਿੰਗ ’ਚ 104ਵੇਂ ਸਥਾਨ ’ਤੇ ਹੈ। ਉੱਥੇ ਹੀ ਬੰਗਲਾਦੇਸ਼ 166, ਨੇਪਾਲ 164 ਅਤੇ ਪਾਕਿਸਤਾਨ 188ਵੇਂ ਸਥਾਨ ’ਤੇ ਹੈ। ਪਾਕਿਸਤਾਨ ਦਾ ਨਾਂ ਸਭ ਤੋਂ ਹੇਠਲੇ ਸਥਾਨ ਵਾਲੇ ਦੇਸ਼ਾਂ ’ਚ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
