ਮੌਸਮ ਵਿਭਾਗ ਦੀ ਚਿਤਾਵਨੀ, ਭਲਕੇ ਪਵੇਗਾ ਭਾਰੀ ਮੀਂਹ ! ਇਨ੍ਹਾਂ ਸੂਬਿਆਂ ''ਚ ਜਾਰੀ ਕੀਤਾ ਅਲਰਟ
Tuesday, Sep 01, 2026 - 09:11 PM (IST)
ਨੈਸ਼ਨਲ ਡੈਸਕ : ਦੇਸ਼ ਭਰ 'ਚ ਮੌਨਸੂਨ ਦੀ ਹੌਲੀ-ਹੌਲੀ ਵਿਦਾਇਗੀ ਦੇ ਵਿਚਕਾਰ ਬਾਰਸ਼ ਦਾ ਦੌਰ ਲਗਾਤਾਰ ਜਾਰੀ ਹੈ। ਬੰਗਾਲ ਦੀ ਖਾੜੀ 'ਚ ਬਣੇ ਘੱਟ ਦਬਾਅ ਵਾਲੇ ਖੇਤਰ ਦੇ ਕਾਰਨ ਪੂਰਬੀ ਸੂਬਿਆਂ ਤੋਂ ਲੈ ਕੇ ਦਿੱਲੀ-ਐਨਸੀਆਰ ਤੱਕ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ 2 ਸਤੰਬਰ 2026 ਨੂੰ ਦੇਸ਼ ਦੇ 17 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਬਾਰਸ਼ ਹੋਣ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਦਿੱਲੀ-ਐਨਸੀਆਰ 'ਚ ਕੱਲ੍ਹ ਬਾਰਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਜਾਵੇਗੀ। ਇੱਥੇ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਇਸ ਤੋਂ ਇਲਾਵਾ 3 ਸਤੰਬਰ ਨੂੰ ਵੀ ਆਸਮਾਨ 'ਚ ਬੱਦਲ ਛਾਏ ਰਹਿਣ ਦੇ ਨਾਲ-ਨਾਲ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ।
ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ, ਖਾਸ ਕਰਕੇ ਪੂਰਬੀ ਉੱਤਰ ਪ੍ਰਦੇਸ਼ 'ਚ ਭਾਰੀ ਬਾਰਸ਼, ਤੇਜ਼ ਹਵਾਵਾਂ ਚੱਲਣ ਅਤੇ ਬਿਜਲੀ ਡਿੱਗਣ ਦੀ ਚਿਤਾਵਨੀ ਦਿੱਤੀ ਗਈ ਹੈ। ਪੱਛਮੀ ਉੱਤਰ ਪ੍ਰਦੇਸ਼ 'ਚ ਵੀ ਕਈ ਥਾਵਾਂ 'ਤੇ ਬਿਜਲੀ ਚਮਕਣ ਦੇ ਨਾਲ ਭਾਰੀ ਬਾਰਸ਼ ਹੋ ਸਕਦੀ ਹੈ। ਬਿਹਾਰ 'ਚ ਵੀ ਬਾਰਸ਼ ਦਾ ਦੌਰ ਜਾਰੀ ਹੈ ਤੇ ਕੱਲ੍ਹ ਕਈ ਇਲਾਕਿਆਂ ਵਿੱਚ ਵੱਡੇ ਪੱਧਰ 'ਤੇ ਭਾਰੀ ਬਾਰਸ਼ ਹੋਣ ਦਾ ਖਦਸ਼ਾ ਹੈ। ਘੱਟ ਦਬਾਅ ਵਾਲੇ ਖੇਤਰ ਦੇ ਕਾਰਨ ਕੋਲਕਾਤਾ ਸਮੇਤ ਪੱਛਮੀ ਬੰਗਾਲ ਦੇ ਗੰਗਾ ਦੇ ਮੈਦਾਨੀ ਇਲਾਕਿਆਂ ਤੇ ਦਾਰਜੀਲਿੰਗ, ਕਲਿਮਪੋਂਗ, ਜਲਪਾਈਗੁੜੀ, ਅਲੀਪੁਰਦੁਆਰ ਅਤੇ ਕੂਚਬਿਹਾਰ ਵਰਗੇ ਜ਼ਿਲ੍ਹਿਆਂ 'ਚ ਭਾਰੀ ਬਾਰਸ਼ ਦਾ ਅਨੁਮਾਨ ਹੈ। ਝਾਰਖੰਡ ਵਿੱਚ ਪਿਛਲੇ ਪੰਜ ਦਿਨਾਂ ਤੋਂ ਹੋ ਰਹੀ ਲਗਾਤਾਰ ਮੂਸਲਾਧਾਰ ਬਾਰਸ਼ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ, ਜਿਸ ਨਾਲ ਨਦੀਆਂ ਉਫਾਨ 'ਤੇ ਹਨ ਅਤੇ ਕਈ ਸੜਕਾਂ ਪਾਣੀ 'ਚ ਡੁੱਬ ਗਈਆਂ ਹਨ।
ਮੌਸਮ ਵਿਭਾਗ ਨੇ ਕੱਲ੍ਹ ਵੀ ਰਾਂਚੀ, ਗੜ੍ਹਵਾ, ਪਲਾਮੂ, ਚਤਰਾ ਅਤੇ ਲਾਤੇਹਾਰ ਸਮੇਤ ਕਈ ਜ਼ਿਲ੍ਹਿਆਂ 'ਚ ਭਾਰੀ ਬਾਰਸ਼ ਦਾ ਅਲਰਟ ਜਾਰੀ ਰੱਖਿਆ ਹੈ। ਮੱਧ ਪ੍ਰਦੇਸ਼ ਵਿੱਚ ਵੀ ਇਹ ਮੌਸਮੀ ਪ੍ਰਣਾਲੀ 4 ਸਤੰਬਰ ਤੱਕ ਸਰਗਰਮ ਰਹੇਗੀ, ਜਿਸ ਕਾਰਨ ਉਮਰੀਆ, ਬਾਲਾਘਾਟ, ਜਬਲਪੁਰ, ਰੀਵਾ ਅਤੇ ਹੋਰ ਕਈ ਹਿੱਸਿਆਂ ਵਿੱਚ ਭਾਰੀ ਬਾਰਸ਼ ਹੋਣ ਦੀ ਉਮੀਦ ਹੈ।
ਉੱਤਰਾਖੰਡ 'ਚ ਲਗਾਤਾਰ ਹੋ ਰਹੀ ਬਾਰਸ਼ ਨੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਮੌਸਮ ਵਿਭਾਗ ਨੇ ਦੇਹਰਾਦੂਨ ਅਤੇ ਟਿਹਰੀ ਜ਼ਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ, ਜਦਕਿ ਪੌੜੀ ਗੜ੍ਹਵਾਲ, ਉੱਤਰਕਾਸ਼ੀ, ਚਮੋਲੀ, ਨੈਨੀਤਾਲ ਅਤੇ ਹਰਿਦੁਆਰ ਵਰਗੇ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਬਾਕੀ ਸੂਬਿਆਂ 'ਚ ਬਾਰਸ਼ ਦੀ ਸਥਿਤੀ
-ਬਹੁਤ ਭਾਰੀ ਬਾਰਸ਼: ਛੱਤੀਸਗੜ੍ਹ, ਝਾਰਖੰਡ, ਓਡੀਸ਼ਾ ਅਤੇ ਪੱਛਮੀ ਬੰਗਾਲ।
-ਭਾਰੀ ਬਾਰਸ਼: ਬਿਹਾਰ, ਸਿੱਕਮ, ਉੱਤਰਾਖੰਡ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੰਜਾਬ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
