‘ਮਿਸਡ ਕਾਲ ਕਰੋ ਅਤੇ ਬਿਜਲੀ ਸਬਸਿਡੀ ਪਾਓ’, ਦਿੱਲੀ ਸਰਕਾਰ ਜਲਦ ਜਾਰੀ ਕਰੇਗੀ ਨੰਬਰ

Sunday, Aug 21, 2022 - 01:52 PM (IST)

ਨਵੀਂ ਦਿੱਲੀ– ਦਿੱਲੀ ਸਰਕਾਰ ਜਲਦ ਹੀ ਇਕ ਫੋਨ ਨੰਬਰ ਜਾਰੀ ਕਰੇਗੀ, ਜਿਸ ਤੋਂ ਸ਼ਹਿਰ ਵਾਸੀਆਂ ਨੂੰ ਇਹ ਬਦਲ ਚੁਣਨ ’ਚ ਸਹੂਲਤ ਹੋਵੇਗੀ ਕਿ ਉਹ 1 ਅਕਤੂਬਰ ਤੋਂ ਮੁਫ਼ਤ ਬਿਜਲੀ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹਨ ਜਾਂ ਨਹੀਂ। ਦਿੱਲੀ ਦੇ ਊਰਜਾ ਮੰਤਰੀ ਦਾ ਵਾਧੂ ਕਾਰਜਭਾਰ ਸੰਭਾਲਣ ਵਾਲੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਬਿਜਲੀ ਵਿਭਾਗ, ਡਿਸਕਾਮ ਅਤੇ ਹੋਰ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਦੀ ਪ੍ਰਧਾਨਗੀ ਕੀਤੀ। 

ਸਿਸੋਦੀਆ ਨੇ ਕਿਹਾ ਕਿ ਅਸੀਂ ਬਿਜਲੀ ਸਬਸਿਡੀ ਦੀ ਚੋਣ ਪ੍ਰਕਿਰਿਆ ਸੌਖਾ ਬਣਾਉਣ ਦਾ ਫ਼ੈਸਲਾ ਕੀਤਾ ਹੈ। ਅਸੀਂ ਜਲਦ ਹੀ ਇਕ ਫੋਨ ਨੰਬਰ ਜਾਰੀ ਕਰਾਂਗੇ, ਜਿੱਥੇ ਉਪਭੋਗਤਾ ਬਿਜਲੀ ਸਬਸਿਡੀ ਲਈ ਆਪਣੀ ਪਸੰਦ ਦਰਜ ਕਰਨ ਲਈ ਮਿਸਡ ਕਾਲ ਦੇ ਸਕਦੇ ਹਨ ਜਾਂ ਵਟਸਐਪ ਮੈਸੇਜ ਕਰ ਸਕਦੇ ਹਨ।
 
ਦਿੱਲੀ ਵਾਸੀਆਂ ਕੋਲ QR (ਤਤਕਾਲ ਜਵਾਬ) ਕੋਡ ਰਾਹੀਂ ਚੋਣ ਕਰਨ ਦਾ ਵਿਕਲਪ ਵੀ ਹੋਵੇਗਾ। ਬਿੱਲ ਨਾਲ ਨੱਥੀ ਇਕ ਫਾਰਮ ਭਰਨ ਤੋਂ ਇਲਾਵਾ ਬਿੱਲ 'ਤੇ ਦੱਸੇ QR ਕੋਡ ਰਾਹੀਂ ਜਾਂ ਡਿਸਕਾਮ ਸੈਂਟਰ 'ਤੇ ਜਾ ਕੇ ਇਸ ਵਿਕਲਪ ਦੀ ਚੋਣ ਕਰਨ ਦੀ ਸਹੂਲਤ ਹੋਵੇਗੀ। ਇਸ ਸਮੇਂ ਲਗਭਗ 47,11,176 ਪਰਿਵਾਰ ਬਿਜਲੀ ਸਬਸਿਡੀ ਦਾ ਲਾਭ ਲੈ ਰਹੇ ਹਨ। ਸਾਰੇ ਖਪਤਕਾਰਾਂ ਨੂੰ 1 ਅਕਤੂਬਰ ਤੋਂ ਸਬਸਿਡੀ ਛੱਡਣ ਜਾਂ ਮੁਫ਼ਤ ਬਿਜਲੀ ਮਿਲਣਾ ਜਾਰੀ ਰੱਖਣ ਦਾ ਵਿਕਲਪ ਦਿੱਤਾ ਜਾਵੇਗਾ।

ਸਿਸੋਦੀਆ ਨੇ ਅਧਿਕਾਰੀਆਂ ਨੂੰ ਉਪਭੋਗਤਾਵਾਂ ਲਈ ਪ੍ਰਕਿਰਿਆ ਨੂੰ ਸੌਖਾ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਹਰ ਨਾਗਰਿਕ ਲੰਬੀ ਪ੍ਰਕਿਰਿਆ ’ਚ ਸ਼ਾਮਲ ਹੋਣ ਦੀ ਬਜਾਏ ਵਿਭਾਗ ਕੋਲ ਆਪਣੀ ਪਸੰਦ ਨੂੰ ਆਸਾਨੀ ਨਾਲ ਰਜਿਸਟਰ ਕਰ ਸਕੇ। ਸਾਲਾਂ ਤੋਂ ਲੋਕਾਂ ਨੇ ਸੁਝਾਅ ਦਿੱਤਾ ਹੈ ਕਿ ਆਰਥਿਕ ਤੌਰ 'ਤੇ ਮਜ਼ਬੂਤ ​​ਪਰਿਵਾਰਾਂ ਨੂੰ ਸਬਸਿਡੀਆਂ ਦੇਣ ਦੀ ਬਜਾਏ ਇਹ ਪੈਸਾ ਸਕੂਲਾਂ ਅਤੇ ਹਸਪਤਾਲਾਂ ਲਈ ਵਰਤਿਆ ਜਾਣਾ ਚਾਹੀਦਾ ਹੈ।


Tanu

Content Editor

Related News