ਗਰਲਫ੍ਰੈਂਡ ਨੇ ਕੀਤੀ ਲਗਜ਼ਰੀ ਡਿਮਾਂਡ, ਪੂਰੀ ਕਰਨ ਲਈ ਚੋਰ ਬਣ ਗਿਆ ਆਸ਼ਕ
Wednesday, Dec 24, 2025 - 04:13 PM (IST)
ਨੈਸ਼ਨਲ ਡੈਸਕ : ਯੂ.ਪੀ. ਦੇ ਸ਼ਾਮਲੀ ਜ਼ਿਲ੍ਹੇ 'ਚ ਗਰਲਫ੍ਰੈਂਡ ਦੀ ਲਗਜ਼ਰੀ ਡਿਮਾਂਡ ਨੇ ਇਕ ਆਸ਼ਕ ਨੂੰ ਚੋਰ ਬਣਾ ਦਿੱਤਾ। ਆਸ਼ਕ ਦੀ ਅਸਲੀਅਤ ਉਦੋਂ ਸਾਹਮਣੇ ਆਈ ਜਦੋਂ ਸ਼ਾਮਲੀ ਪੁਲਸ ਨੇ ਕਸਬਾ ਬਨਤ ਸਥਿਤ ਸਰਕਾਰੀ ਹਸਪਤਾਲ 'ਚ 8 ਦਸੰਬਰ ਦੀ ਰਾਤ ਨੂੰ ਹੋਈ ਚੋਰੀ ਦੇ ਮਾਮਲੇ 'ਚ ਇਕ ਫਿਜ਼ੀਓਥੈਰੇਪੀ ਕਲੀਨਿਕ ਚਲਾਉਣ ਵਾਲੇ ਇਕ ਵਿਅਕਤੀ ਆਸਿਫ ਸਮੇਤ ਉਸਦੇ ਸਾਥੀ ਸਚਿਨ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਸ ਦੇ ਉਚ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀਆਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਦੋਸ਼ੀ ਆਸਿਫ ਨੇ ਦੱਸਿਆ ਕਿ ਉਹ ਯੂ.ਪੀ. ਦੇ ਬਨਤ ਇਲਾਕੇ 'ਚ ਇਕ ਫਿਜ਼ੀਓਥੈਰੇਪੀ ਕਲੀਨਿਕ ਚਲਾਉਂਦਾ ਹੈ। ਉਸਦੀਆਂ ਤਿੰਨ ਗਰਲਫ੍ਰੈਂਡਾਂ ਹਨ। ਗਰਲਫ੍ਰੈਂਡਾਂ ਦੇ ਸ਼ੌਕ ਪੂਰੇ ਕਰਨ ਅਤੇ ਲਗਜ਼ਰੀ ਲਾਈਫ ਸਟਾਈਲ ਲਈ ਅਤੇ ਉਨ੍ਹਾਂ ਦੀਆਂ ਵਧਦੀਆਂ ਡਿਮਾਡਾਂ, ਮਹਿੰਗੇ ਗਿਫਟ, ਘੁੰਮਣਾ-ਫਿਰਨਾ ਅਤੇ ਦਿਖਾਵੇ ਦੀ ਜ਼ਿੰਦਗੀ ਦੇ ਕਾਰਨ ਲਏ ਕਰਜ਼ੇ ਦੇ ਬੋਝ ਨੇ ਉਸਨੂੰ ਆਸ਼ਕ ਤੋਂ ਇਕ ਸ਼ਾਤਿਰ ਚੋਰ ਬਣਾ ਦਿੱਤਾ।
ਪੁਲਸ ਨੇ ਦੋਨੋਂ ਦੋਸ਼ੀਆਂ ਤੋਂ ਚੋਰੀ ਕੀਤਾ ਇਲੈਕਟ੍ਰੋਨਿਕ ਸਾਮਾਨ, ਐਲ.ਈ.ਡੀ., ਦਵਾਈਆਂ ਤੋਂ ਇਲਾਵਾ ਚੋਰੀ ਲਈ ਵਰਤੀ ਕੀਤੀ ਗਈ ਇਕ ਕਾਰ ਵੀ ਬਰਾਮਦ ਕੀਤੀ ਹੈ। ਪੁਲਸ ਨੇ ਦੋਸ਼ੀਆਂ ਨੂੰ ਕਾਬੂ ਕਰਕੇ ਜੇਲ੍ਹ ਭੇਜ ਦਿੱਤਾ ਹੈ।
