ਜਿਸ ਲੜਕੀ ਦੇ ਕਤਲ ਦੇ ਦੋਸ਼ ਹੇਠ ਪਿਤਾ ਤੇ ਭਰਾ ਨੂੰ ਕੀਤਾ ਗ੍ਰਿਫ਼ਤਾਰ, ਉਹ ਮਿਲੀ ਜ਼ਿੰਦਾ
Friday, May 29, 2026 - 02:35 AM (IST)
ਇੰਦੌਰ - ਮੱਧ ਪ੍ਰਦੇਸ਼ ਦੇ ਸਰਹੱਦੀ ਬੁਰਹਾਨਪੁਰ ਜ਼ਿਲੇ ਦੀ ਜਿਸ ਗੁੰਮਸ਼ੁਦਾ ਮੁਟਿਆਰ ਦੇ ਕਤਲ ਦਾ ਦਾਅਵਾ ਕਰਦੇ ਹੋਏ ਮਹਾਰਾਸ਼ਟਰ ਪੁਲਸ ਨੇ ਉਸ ਦੇ ਪਿਤਾ ਅਤੇ ਭਰਾ ਨੂੰ ਇਸ ਮਹੀਨੇ ਗ੍ਰਿਫ਼ਤਾਰ ਕੀਤਾ ਸੀ, ਉਹ ਜ਼ਿੰਦਾ ਮਿਲੀ ਹੈ। ਮੱਧ ਪ੍ਰਦੇਸ਼ ਪੁਲਸ ਦੇ ਇਕ ਅਧਿਕਾਰੀ ਨੇ ਵੀਰਵਾਰ ਇਹ ਜਾਣਕਾਰੀ ਦਿੱਤੀ।
ਗੁੰਮਸ਼ੁਦਾ ਮੁਟਿਆਰ ਦੇ ਸਾਹਮਣੇ ਆਉਣ ਤੋਂ ਬਾਅਦ ਮਹਾਰਾਸ਼ਟਰ ਪੁਲਸ ਦੀ ਜਾਂਚ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਬੁਰਹਾਨਪੁਰ ਜ਼ਿਲੇ ਦੇ ਖਕਨਾਰ ਪੁਲਸ ਥਾਣੇ ਦੇ ਇੰਚਾਰਜ ਅਭਿਸ਼ੇਕ ਜਾਧਵ ਨੇ ਦੱਸਿਆ ਕਿ ਖੜਕੀ ਪਿੰਡ ਦੀ ਰਹਿਣ ਵਾਲੀਆਂ ਸ਼ਿਵਾਨੀ ਬਾਪੂਰਾਮ ਕਲਮੇਕਰ (26) ਅਤੇ ਅਰੁਣ ਦਾਦੂ ਕਲਮੇਕਰ (24) ਦੇ ਲਾਪਤਾ ਹੋਣ ਤੋਂ ਕੁਝ ਦਿਨ ਬਾਅਦ ਉਨ੍ਹਾਂ ਦੇ ਪਰਿਵਾਰਾਂ ਵਾਲਿਆਂ ਨੇ ਕ੍ਰਮਵਾਰ 1 ਮਈ ਅਤੇ 9 ਮਈ ਨੂੰ ਗੁੰਮਸ਼ੁਦਗੀ ਦੀਆਂ ਰਿਪੋਰਟਾਂ ਦਰਜ ਕਰਵਾਈਆਂ ਸਨ।
ਉਨ੍ਹਾਂ ਨੇ ਦੱਸਿਆ, ‘‘ਅਰੁਣ ਦੀ ਤਲਾਸ਼ ਕਰਦੇ ਹੋਏ ਸਾਨੂੰ ਜਾਣਕਾਰੀ ਮਿਲੀ ਕਿ ਉਹ ਮਹਾਰਾਸ਼ਟਰ ਦੇ ਨਾਸਿਕ ਦੇ ਆਸ-ਪਾਸ ਮਜ਼ਦੂਰੀ ਕਰ ਰਿਹਾ ਹੈ ਅਤੇ ਸ਼ਿਵਾਨੀ ਉਸ ਦੇ ਨਾਲ ਹੀ ਹੈ। ਇਸ ਤੋਂ ਬਾਅਦ ਪ੍ਰੇਮੀ ਜੋੜੇ ਨੂੰ ਲੱਭ ਲਿਆ ਗਿਆ ਹੈ।’’ ਜਾਧਵ ਨੇ ਦੱਸਿਆ ਕਿ ਉਂਗਲੀ ’ਚ ਪਾਈ ਮੁੰਦਰੀ, ਪੰਚਨਾਮਾ ਅਤੇ ਪਰਿਵਾਰ ਵਾਲਿਆਂ ਦੇ ਬਿਆਨ ਦੇ ਜ਼ਰੀਏ ਪੂਰੀ ਕੀਤੀ ਗਈ ਕਾਨੂੰਨੀ ਪ੍ਰਕਿਰਿਆ ਤੋਂ ਪੁਸ਼ਟੀ ਹੋਈ ਹੈ ਕਿ ਇਹ ਮੁਟਿਆਰ ਸ਼ਿਵਾਨੀ ਹੀ ਹੈ। ਉਨ੍ਹਾਂ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲੇ ਦੇ ਜਲਗਾਓਂ ਜਾਮੋਦ ਥਾਣਾ ਖੇਤਰ ’ਚ 26 ਅਪ੍ਰੈਲ ਨੂੰ ਇਕ ਮੁਟਿਆਰ ਦੀ ਸਿਰ ਕੱਟੀ ਅਤੇ ਅੰਸ਼ਿਕ ਤੌਰ ’ਤੇ ਸੜੀ ਹੋਈ ਲਾਸ਼ ਮਿਲਣ ਤੋਂ ਬਾਅਦ ਗੁਆਂਢੀ ਸੂਬੇ ਦੀ ਪੁਲਸ ਨੇ ਸ਼ਿਵਾਨੀ ਦੇ ਕਤਲ ਦਾ ਦਾਅਵਾ ਕੀਤਾ ਸੀ।
ਜਾਧਵ ਨੇ ਦੱਸਿਆ ਕਿ ਮੁਟਿਆਰ ਦੇ ਕਤਲ ਦੇ ਦੋਸ਼ ਹੇਠ ਉਸ ਦੇ ਪਿਤਾ ਬਾਪੂਰਾਮ ਕਲਮੇਕਰ (55) ਅਤੇ ਭਰਾ ਅਜੇ ਕਲਮੇਕਰ (27) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਥਾਣਾ ਇੰਚਾਰਜ ਨੇ ਦੱਸਿਆ, ‘‘ਅਸੀਂ ਮਹਾਰਾਸ਼ਟਰ ਪੁਲਸ ਨੂੰ ਅਧਿਕਾਰਤ ਤੌਰ ’ਤੇ ਸੂਚਨਾ ਦੇ ਦਿੱਤੀ ਹੈ ਕਿ ਜਿਸ ਸ਼ਿਵਾਨੀ ਨੂੰ ਉਹ ਮ੍ਰਿਤਕ ਮੰਨ ਕੇ ਜਾਂਚ ਕਰ ਰਹੀ ਹੈ, ਉਹ ਜ਼ਿੰਦਾ ਮਿਲੀ ਹੈ।’’
