ਦਿੱਲੀ ''ਚ ਇਕ ਹੋਰ ਭਿਆਨਕ ਕ੍ਰਾਈਮ : ਹੁਣ ਫਲਾਈਓਵਰ ਕੋਲ ਟੁਕੜਿਆਂ ''ਚ ਮਿਲੀ ਕੁੜੀ ਦੀ ਲਾਸ਼
Wednesday, Jul 12, 2023 - 03:10 PM (IST)
ਨਵੀਂ ਦਿੱਲੀ- ਦਿੱਲੀ 'ਚ ਕ੍ਰਾਈਮ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸ਼ਰਧਾ ਕਤਲਕਾਂਡ ਤੋਂ ਬਾਅਦ ਹੁਣ ਗੀਤਾ ਕਾਲੋਨੀ ਫਲਾਈਓਵਰ ਕੋਲ ਇਕ ਕੁੜੀ ਦੀ ਲਾਸ਼ ਕਈ ਟੁਕੜਿਆਂ 'ਚ ਬਰਾਮਦ ਹੋਈ ਹੈ। ਜਿਸ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਜਾਰੀ ਹੈ। ਰਿਪੋਰਟਸ ਅਨੁਸਾਰ ਫਲਾਈਓਵਰ ਦੇ ਨੇੜੇ-ਤੇੜੇ ਦੇ ਸਰੀਰ ਦੇ ਕਈ ਟੁਕੜੇ ਬਿਖਰੇ ਹੋਏ ਸਨ। ਹਾਲਾਂਕਿ ਕੁੜੀ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਦੱਸਣਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ 'ਚ ਦਿੱਲੀ 'ਚ ਕੁੜੀਆਂ ਦੇ ਕਤਲ ਦੇ ਕਈ ਮਾਮਲੇ ਸਾਹਮਣੇ ਆਏ ਹਨ, ਇਸ ਤੋਂ ਪਹਿਲਾਂ ਸਾਰਿਆਂ ਨੂੰ ਹੈਰਾਨ ਕਰਨ ਵਾਲਾ ਮਾਮਲਾ ਪਿਛਲੇ ਸਾਲ 27 ਸਾਲਾ ਕਾਲ ਸੈਂਟਰ ਕਰਮਚਾਰੀ ਸ਼ਰਧਾ ਵਾਲਕਰ ਦੇ ਕਤਲ ਦਾ ਸਾਹਮਣੇ ਆਇਆ। ਉਸ ਦੇ ਲਿਵ ਇਨ ਪਾਰਟਨਰ ਆਫਤਾਬ ਪੂਨਾਵਾਲ ਨੇ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਹ ਸ਼ਰਧਾ ਦੇ ਸਰੀਰ ਦੇ 35 ਟੁਕੜੇ ਕਰ 18 ਦਿਨਾਂ ਤੱਕ ਜੰਗਲ 'ਚ ਸੁੱਟਦਾ ਰਿਹਾ। ਉਸ ਨੇ ਲਾਸ਼ ਦੇ ਕੁਝ ਹਿੱਸਿਆਂ ਨੂੰ ਫਰਿੱਜ 'ਚ ਰੱਖ ਦਿੱਤਾ ਅਤੇ ਉਸ ਦੀ ਪਛਾਣ ਲੁਕਾਉਣ ਲਈ ਉਸ ਦੇ ਚਿਹਰੇ 'ਚ ਸਾੜ ਦਿੱਤਾ ਸੀ। ਹਾਲਾਂਕਿ ਆਫਤਾਬ ਹੁਣ ਜੇਲ੍ਹ 'ਚ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ।
ਉੱਥੇ ਹੀ ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ 'ਚ 28 ਮਈ ਨੂੰ 16 ਸਾਲਾ ਸਾਕਸ਼ੀ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ। ਮੁਲਜ਼ਮ ਸਾਹਿਲ ਜਦੋਂ ਸਾਕਸ਼ੀ 'ਤੇ ਹਮਲਾ ਕਰ ਰਿਹਾ ਸੀ, ਉਦੋਂ ਇਹ ਘਟਨਾ ਕੋਲ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਜਿਸ ਦਾ ਇਕ ਫੁਟੇਜ ਕਾਫ਼ੀ ਵਾਇਰਲ ਹੋਇਆ। ਪੁਲਸ ਅਨੁਸਾਰ, ਦੋਵੇਂ ਰਿਲੇਸ਼ਨਸ਼ਿਪ 'ਚ ਸਨ ਪਰ ਸ਼ਨੀਵਾਰ ਨੂੰ ਕਿਸੇ ਗੱਲ 'ਤੇ ਦੋਹਾਂ ਦਰਮਿਆਨ ਝਗੜਾ ਹੋ ਗਿਆ ਸੀ, ਜਿਸ ਕਰ ਕੇ ਸਾਹਿਲ ਨੇ ਸਾਕਸ਼ੀ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਦਿੱਲੀ 'ਚ ਨਿੱਕੀ ਯਾਦਵ ਕਤਲਕਾਂਡ ਸਾਹਮਣੇ ਆਇਆ ਸੀ, ਜਿਸ 'ਚ ਉਸ ਦੇ ਲਿਵ ਇਨ ਪਾਰਟਨਰ ਸਾਹਿਲ ਗਹਿਲੋਤ ਨੇ ਕਤਲ ਕਰ ਦਿੱਤਾ ਸੀ। ਦੋਹਾਂ ਦਰਮਿਆਨ ਵਿਆਹ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਗੁੱਸੇ 'ਚ ਸਾਹਿਲ ਨੇ ਕਾਰ 'ਚ ਹੀ ਮੋਬਾਇਲ ਕੇਬਲ ਨਾਲ ਨਿੱਕੀ ਦਾ ਗਲ਼ਾ ਘੁੱਟ ਦਿੱਤਾ।