ਇਕ ਹੋਰ ਲੜਕੀ ਨਾਲ ਹੈਵਾਨੀਅਤ! ਦੇਹਰਾਦੂਨ ਦੀ ਬੱਸ ''ਚ ਨਾਬਾਲਗਾ ਨਾਲ ਸਮੂਹਿਕ ਜਬਰ ਜਨਾਹ
Sunday, Aug 18, 2024 - 05:36 PM (IST)
ਨੈਸ਼ਨਲ ਡੈਸਕ : ਕੋਲਕਾਤਾ ਡਾਕਟਰ ਬਲਾਤਕਾਰ ਤੇ ਕਤਲ ਮਾਮਲੇ ਨੂੰ ਲੈ ਕੇ ਦੇਸ਼ ਭਰ 'ਚ ਕਾਫੀ ਗੁੱਸਾ ਹੈ। ਇਸ ਦੌਰਾਨ ਉੱਤਰਾਖੰਡ ਤੋਂ ਵੀ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਤੋਂ ਦੇਹਰਾਦੂਨ ਜਾਣ ਵਾਲੀ ਬੱਸ ਵਿੱਚ ਉੱਤਰ ਪ੍ਰਦੇਸ਼ ਦੀ ਇੱਕ ਨਾਬਾਲਗ ਲੜਕੀ ਨਾਲ ਕਥਿਤ ਸਮੂਹਿਕ ਬਲਾਤਕਾਰ ਦੇ ਮਾਮਲੇ ਵਿੱਚ ਪੁਲਸ ਨੇ ਐਤਵਾਰ ਨੂੰ ਦੇਹਰਾਦੂਨ ਦੇ ਬੱਸ ਅੱਡੇ ’ਤੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੇਹਰਾਦੂਨ ਦੇ ਸੀਨੀਅਰ ਪੁਲਸ ਕਪਤਾਨ ਅਜੇ ਸਿੰਘ ਨੇ ਦੱਸਿਆ ਕਿ 12 ਅਗਸਤ ਨੂੰ ਵਾਪਰੀ ਇਸ ਘਟਨਾ ਦੀ ਸੂਚਨਾ ਸ਼ਨੀਵਾਰ ਸ਼ਾਮ ਨੂੰ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕਰ ਕੇ ਵਾਰਦਾਤ ਵਿਚ ਵਰਤੀ ਗਈ ਬੱਸ ਦੀ ਸ਼ਨਾਖਤ ਕੀਤੀ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਸ ਨੇ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਧਰਮਿੰਦਰ ਕੁਮਾਰ (32) ਤੇ ਰਾਜਪਾਲ (57), ਦੇਵੇਂਦਰ (52), ਰਾਜੇਸ਼ ਕੁਮਾਰ ਸੋਨਕਰ (38) ਤੇ ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲ੍ਹੇ ਦੇ ਰਵੀ ਕੁਮਾਰ (34) ਵਜੋਂ ਹੋਈ ਹੈ।
ਰੋਡਵੇਜ਼ ਦੀ ਬੱਸ ਨੂੰ ਕੀਤਾ ਜ਼ਬਤ
ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਵਿਚ ਵਰਤੀ ਗਈ ਉਤਰਾਖੰਡ ਰੋਡਵੇਜ਼ ਦੀ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਫੋਰੈਂਸਿਕ ਟੀਮ ਬੱਸ ਵਿਚੋਂ ਲੋੜੀਂਦੇ ਸਬੂਤ ਇਕੱਠੇ ਕਰਕੇ ਕਾਰਵਾਈ ਕਰ ਰਹੀ ਹੈ। ਜਾਣਕਾਰੀ ਅਨੁਸਾਰ 12 ਅਗਸਤ ਦੀ ਦੇਰ ਰਾਤ ਆਈਐੱਸਬੀਟੀ ਦੇਹਰਾਦੂਨ ਦੇ ਪਲੇਟਫਾਰਮ ਨੰਬਰ 12 'ਤੇ ਬੈਂਚ 'ਤੇ 16-17 ਸਾਲ ਦੀ ਨਾਬਾਲਗ ਲੜਕੀ ਨੂੰ ਬੈਠੀ ਦੇਖ ਕੇ ਇਸ ਦੀ ਸੂਚਨਾ ਦੇਹਰਾਦੂਨ ਚਾਈਲਡ ਵੈੱਲਫੇਅਰ ਕਮੇਟੀ ਨੂੰ ਦਿੱਤੀ ਗਈ, ਜਿਸ ਨੇ ਸੁਰੱਖਿਆ ਕਾਰਨਾਂ ਕਰ ਕੇ ਉਸ ਨੂੰ ਸਰਕਾਰੀ ਬਾਲ ਨਿਕੇਤਨ ਭੇਜ ਦਿੱਤਾ।
ਕਾਉਂਸਲਿੰਗ ਦੌਰਾਨ ਦੱਸੀ ਆਪਣੀ ਹੱਡ ਬੀਤੀ
ਬਾਲ ਨਿਕੇਤਨ 'ਚ ਕਾਊਂਸਲਿੰਗ ਦੌਰਾਨ ਨਾਬਾਲਗ ਲੜਕੀ ਨੇ ਕਥਿਤ ਬਲਾਤਕਾਰ ਬਾਰੇ ਦੱਸਿਆ, ਜਿਸ ਤੋਂ ਬਾਅਦ ਕਮੇਟੀ ਮੈਂਬਰ ਪ੍ਰਤਿਭਾ ਜੋਸ਼ੀ ਨੇ ਸ਼ਨੀਵਾਰ ਸ਼ਾਮ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ ਆਧਾਰ 'ਤੇ ਪਟੇਲਨਗਰ ਥਾਣੇ 'ਚ ਭਾਰਤੀ ਨਿਆਂਇਕ ਸੰਹਿਤਾ ਦੀ ਧਾਰਾ 70(2) ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।
ਘਟਨਾ ਦੀ ਜਾਂਚ ਲਈ ਵਿਸ਼ੇਸ਼ ਪੁਲਸ ਟੀਮ ਦਾ ਗਠਨ ਕਰਨ ਤੋਂ ਇਲਾਵਾ ਸੀਨੀਅਰ ਪੁਲਸ ਕਪਤਾਨ ਨੇ ਖੁਦ ਪੀੜਤ ਲੜਕੀ ਨਾਲ ਮੁਲਾਕਾਤ ਕਰਕੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ। ਪੁਲਸ ਨੇ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਲੜਕੀ ਨੇ ਦੱਸਿਆ ਕਿ ਉਸਦੇ ਮਾਪੇ ਨਹੀਂ ਹਨ ਅਤੇ ਉਹ ਪੰਜਾਬ ਦੀ ਰਹਿਣ ਵਾਲੀ ਹੈ।