ਆਫ ਦਿ ਰਿਕਾਰਡ : ਆਜ਼ਾਦ ਦੇ ਰਿਟਾਇਰ ਹੁੰਦਿਆਂ ਹੀ ਕਾਂਗਰਸ ’ਚ ਜੰਗ

Wednesday, Feb 10, 2021 - 10:27 AM (IST)

ਆਫ ਦਿ ਰਿਕਾਰਡ : ਆਜ਼ਾਦ ਦੇ ਰਿਟਾਇਰ ਹੁੰਦਿਆਂ ਹੀ ਕਾਂਗਰਸ ’ਚ ਜੰਗ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਸੰਸਦ ਮੈਂਬਰਾਂ ਨੇ ਬੇਹੱਦ ਭਾਵੁਕ ਹੋ ਕੇ ਭਾਵੇ ਗੁਲਾਮ ਨਬੀ ਆਜ਼ਾਦ ਨੂੰ ਰਾਜ ਸਭਾ ਤੋਂ ਵਿਦਾਇਗੀ ਦੇ ਦਿੱਤੀ ਹੈ ਪਰ ਆਜ਼ਾਦ ਦੀ ਵਿਦਾਇਗੀ ਨਾਲ ਕਾਂਗਰਸ ’ਚ ਝਗੜਾ ਸ਼ੁਰੂ ਹੋ ਗਿਆ ਹੈ। ਅਸਲ ’ਚ ਆਜ਼ਾਦ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਸਨ। ਹੁਣ ਇਸ ਅਹੁਦੇ ’ਤੇ ਬਿਰਾਜਮਾਨ ਹੋਣ ਲਈ ਕਾਂਗਰਸੀ ਆਗੂਆਂ ’ਚ ਦੌੜ ਲੱਗ ਗਈ ਹੈ। ਆਜ਼ਾਦ ਪਿਛਲੇ 6 ਸਾਲ ਤੋਂ ਇਸ ਅਹੁਦੇ ’ਤੇ ਸਨ ਪਰ ਕੁਝ ਅਣਜਾਨ ਕਾਰਨਾਂ ਕਾਰਨ ਕਾਂਗਰਸ ਹਾਈ ਕਮਾਂਡ ਨੇ ਉਨ੍ਹਾਂ ਨੂੰ ਪਿਛਲੇ ਸਾਲ ਐਕਸਟੈਂਸ਼ਨ ਨਹੀਂ ਦਿੱਤੀ। ਇਸ ਤੋਂ ਸਪੱਸ਼ਟ ਹੈ ਕਿ ਹਾਈ ਕਮਾਨ ਉਨ੍ਹਾਂ ਤੋਂ ਖੁਸ਼ ਨਹੀਂ ਸੀ।

ਇਹ ਵੀ ਪੜ੍ਹੋ : ਰਾਜ ਸਭਾ ’ਚ 4 ਸੰਸਦ ਮੈਂਬਰਾਂ ਦੀ ਵਿਦਾਈ, ਭਾਵੁਕ ਹੋਏ ਪੀ. ਐੱਮ. ਮੋਦੀ

ਹੁਣ ਆਜ਼ਾਦ ਦੇ ਜਾਣ ਪਿੱਛੋਂ ਇਸ ਅਹੁਦੇ ਦੀ ਦੌੜ ’ਚ ਕਈ ਆਗੂ ਸ਼ਾਮਲ ਹਨ। ਇਨ੍ਹਾਂ ’ਚੋਂ ਪ੍ਰਮੁੱਖ ਰੂਪ ਨਾਲ ਕਾਂਗਰਸ ਦੇ ਉਪ ਨੇਤਾ ਆਨੰਦ ਸ਼ਰਮਾ, ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ, ਮਲਿਕਾਅਰਜੁਨ ਖੜਗੇ ਅਤੇ ਦਿਗਵਿਜੇ ਸਿੰਘ ਸ਼ਾਮਲ ਹਨ। ਕਾਂਗਰਸ ਅਜੇ ਆਪਣੇ ਨਵੇਂ ਪ੍ਰਧਾਨ ਦੀ ਭਾਲ ਕਰ ਰਹੀ ਹੈ। ਇਸ ਦੇ ਨਾਲ ਹੀ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਵੀ ਖਾਲੀ ਹੋ ਗਿਆ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤ ’ਚ ਕਾਂਗਰਸ ਹਾਈ ਕਮਾਂਡ ਸੁਰੱਖਿਅਤ ਚਾਲ ਅਧੀਨ ਖੜਗੇ ਨੂੰ ਇਹ ਅਹੁਦਾ ਸੌਂਪਨਾ ਚਾਹੁੰਦੀ ਹੈ। ਉਹ 2019 ’ਚ ਚੋਣ ਹਾਰਨ ਤੱਕ ਲੋਕ ਸਭਾ ’ਚ ਪਾਰਟੀ ਦੀ ਪ੍ਰਤੀਨਿਧਤਾ ਕਰਦੇ ਰਹੇ ਸਨ।

ਇਹ ਵੀ ਪੜ੍ਹੋ : ਰਾਜ ਸਭਾ ’ਚ ਵਿਦਾਈ ਭਾਸ਼ਣ ਦੌਰਾਨ ‘ਆਜ਼ਾਦ’ ਬੋਲੇ- ‘ਮੈਂ ਖੁਸ਼ਕਿਸਮਤ ਹਾਂ ਜੋ ਕਦੇ ਪਾਕਿਸਤਾਨ ਨਹੀਂ ਗਿਆ’

ਆਨੰਦ ਸ਼ਰਮਾ ਲਈ ਸੰਭਾਵਨਾਵਾਂ ਇਸ ਲਈ ਘੱਟ ਹਨ ਕਿਉਂਕਿ ਉਹ ਉਸ ਗਰੁੱਪ-23 ’ਚ ਸ਼ਾਮਲ ਰਹੇ ਹਨ ਜਿਸ ਨੇ ਪਿਛਲੇ ਸਾਲ ਲੀਡਰਸ਼ਿਪ ਵਿਰੁੱਧ ਲੈਟਰ ਬੰਬ ਭੰਨ੍ਹਿਆ ਸੀ। ਆਨੰਦ ਸ਼ਰਮਾ ਨੂੰ ਲੀਡਰਸ਼ਿਪ ਨੇ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਪਾਰਟੀ ਆਗੂ ਰਾਹੁਲ ਗਾਂਧੀ ਨੇ ਉਨ੍ਹਾਂ ਦੀ ਇਕ ਨਾ ਸੁਣੀ। ਰਾਹੁਲ ਗਾਂਧੀ ਰਾਜ ਸਭਾ ਨਾਲ ਸਬੰਧਤ ਪਾਰਟੀ ਆਗੂਆਂ ਤੋਂ ਇਸ ਲਈ ਨਾਰਾਜ਼ ਹਨ ਕਿਉਂਕਿ ਉਹ ਲੋਕ ਸਭਾ ਦੇ ਆਪਣੇ ਹਮਅਹੁਦਿਆਂ ਨਾਲ ਕੋਈ ਤਾਲਮੇਲ ਨਹੀਂ ਰੱਖਦੇ। ਚਿਦਾਂਬਰਮ ਵੀ ਇਸ ਅਹੁਦੇ ’ਤੇ ਨਜ਼ਰਾਂ ਟਿਕਾਈ ਬੈਠੇ ਹਨ। ਪਾਰਟੀ ਦੇ ਕਈ ਆਗੂਆਂ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਤਜਰਬਾ ਰੱਖਣ ਕਾਰਨ ਉਹ ਇਸ ਅਹੁਦੇ ਨੂੰ ਸਭ ਤੋਂ ਯੋਗ ਹਨ। ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਕੈਬਨਿਟ ਮੰਤਰੀ ਦੇ ਬਰਾਬਰ ਹੁੰਦਾ ਹੈ ਅਤੇ ਉਸ ਨਾਲ ਕਈ ਲਾਭ ਜੁੜੇ ਹੁੰਦੇ ਹਨ।

ਨੋਟ : ਗੁਲਾਮ ਨਬੀ ਆਜ਼ਾਦ ਦੇ ਰਿਟਾਇਰ ਹੋਣ ਤੋਂ ਬਾਅਦ ਕਾਂਗਰਸ 'ਚ ਛਿੜੀ ਜੰਗ ਬਾਰੇ ਕੀ ਹੈ ਤੁਹਾਡੀ ਰਾਏ


author

DIsha

Content Editor

Related News