ਗੁਲਾਮ ਨਬੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰ ਖੇਤੀਬਾੜੀ ਬਿੱਲਾਂ ਨੂੰ ਵਾਪਸ ਕਰਣ ਦੀ ਕੀਤੀ ਅਪੀਲ
Wednesday, Sep 23, 2020 - 08:19 PM (IST)
ਨਵੀਂ ਦਿੱਲੀ - ਕਿਸਾਨ ਬਿੱਲ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਧਿਰ 'ਚ ਜੰਗ ਛਿੜ ਚੁੱਕੀ ਹੈ। ਬਿੱਲ ਨੂੰ ਲੈ ਕੇ ਪਹਿਲਾਂ ਸਦਨ 'ਚ ਹੰਗਾਮਾ ਹੋਇਆ, ਜਿਸ ਤੋਂ ਬਾਅਦ ਅੱਠ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਸੰਸਦ ਦੀ ਕਾਰਵਾਈ ਨੂੰ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ।
ਇਸਦੇ ਬਾਅਦ ਸ਼ਾਮ 'ਚ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ 'ਚ ਦੱਸਿਆ ਕਿ ਰਾਸ਼ਟਰਪਤੀ ਨਾਲ ਇਸ ਖੇਤੀਬਾੜੀ ਬਿੱਲ ਨੂੰ ਵਾਪਸ ਕਰ ਦੇਣ ਦੀ ਮੰਗ ਕੀਤੀ ਹੈ। ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਵਿਰੋਧੀ ਧਿਰ ਰਾਜ ਸਭਾ 'ਚ ਹੰਗਾਮੇ ਲਈ ਜ਼ਿੰਮੇਦਾਰ ਨਹੀਂ ਹੈ। ਇਸ ਦੇ ਲਈ ਸਰਕਾਰ ਜ਼ਿੰਮੇਦਾਰ ਹੈ। ਉਨ੍ਹਾਂ ਨੇ ਰਾਸ਼ਟਰਪਤੀ ਨੂੰ ਕਿਹਾ ਕਿ ਉਹ ਖੇਤੀਬਾੜੀ ਬਿੱਲ 'ਤੇ ਦਸਤਖ਼ਤ ਨਾ ਕਰਨ।
ਉਨ੍ਹਾਂ ਨੇ ਅੱਗੇ ਕਿਹਾ, ਨਾ ਤਾਂ ਡਿਵਿਜ਼ਨ ਆਫ ਵੋਟ ਹੋਇਆ ਨਾ ਹੀ ਆਵਾਜ਼ ਦਾ ਸਨਮਾਨ ਹੋਇਆ। ਲੋਕਤੰਤਰ ਦੇ ਮੰਦਰ 'ਚ ਸੰਵਿਧਾਨ ਦੀ ਬੇਇੱਜ਼ਤੀ ਕੀਤੀ ਗਈ। ਅਸੀਂ ਰਾਸ਼ਟਰਪਤੀ ਨੂੰ ਕਿਹਾ ਹੈ ਕਿ ਖੇਤੀਬਾੜੀ ਬਿੱਲਾਂ ਨੂੰ ਗਲਤ ਤਰੀਕੇ ਨਾਲ ਪਾਸ ਕਰਵਾਇਆ ਗਿਆ ਹੈ।
ਕਾਂਗਰਸ ਵਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ। ਸੂਬਾ, ਜ਼ਿਲ੍ਹਾ, ਬਲਾਕ ਪੱਧਰ 'ਤੇ ਮੀਮੋ ਸੌਂਪੇ ਜਾਣਗੇ। ਅਜਿਹੇ 'ਚ ਖੇਤੀਬਾੜੀ ਬਿੱਲ ਨੂੰ ਲੈ ਕੇ ਸ਼ੁਰੂ ਹੋਈ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਦੀ ਇਹ ਜੰਗ ਲੰਬੀ ਖਿੱਚ ਸਕਦੀ ਹੈ।