ਕਾਂਗਰਸ ਦੇ ਸੀਨੀਅਰ ਨੇਤਾ ਆਜ਼ਾਦ ਪਹੁੰਚੇ ਜੰਮੂ, ਕਿਹਾ- ਕਸ਼ਮੀਰ ''ਚ ਬਹੁਤ ਖਰਾਬ ਸਥਿਤੀ

Tuesday, Sep 24, 2019 - 05:56 PM (IST)

ਕਾਂਗਰਸ ਦੇ ਸੀਨੀਅਰ ਨੇਤਾ ਆਜ਼ਾਦ ਪਹੁੰਚੇ ਜੰਮੂ, ਕਿਹਾ- ਕਸ਼ਮੀਰ ''ਚ ਬਹੁਤ ਖਰਾਬ ਸਥਿਤੀ

ਜੰਮੂ— ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਜੰਮੂ-ਕਸ਼ਮੀਰ ਦੇ ਆਪਣੇ 6 ਦਿਨਾ ਦੌਰੇ ਦੇ ਦੂਜੇ ਪੜਾਅ 'ਚ ਮੰਗਲਵਾਰ ਨੂੰ ਇੱਥੇ ਪਹੁੰਚੇ ਅਤੇ ਕਿਹਾ ਕਿ ਘਾਟੀ 'ਚ ਬਹੁਤ ਬੁਰੀ ਸਥਿਤੀ ਹੈ। ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਆਜ਼ਾਦ ਸ਼ੁੱਕਰਵਾਰ ਨੂੰ ਸ਼੍ਰੀਨਗਰ ਪਹੁੰਚੇ ਸਨ। ਇਸ ਤੋਂ ਪਹਿਲਾਂ ਸ਼੍ਰੀਨਗਰ ਪਹੁੰਚਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਤਿੰਨ ਵਾਰ ਨਾਕਾਮ ਰਹੀਆਂ ਸਨ, ਕਿਉਂਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਸੀ। ਕਸ਼ਮੀਰ ਦੀ ਸਥਿਤੀ 'ਤੇ ਉਨ੍ਹਾਂ ਦਾ ਕੀ ਆਕਲਨ ਹੈ ਪੱਤਰਕਾਰਾਂ ਵਲੋਂ ਇਹ ਪੁੱਛੇ ਜਾਣ 'ਤੇ ਆਜ਼ਾਦ ਨੇ ਕਿਹਾ,''ਬਹੁਤ ਖਰਾਬ ਹੈ।'' ਉਨ੍ਹਾਂ ਨੇ ਕਿਹਾ,''ਮੈਂ ਹਾਲੇ ਮੀਡੀਆ ਨੂੰ ਕੁਝ ਨਹੀਂ ਕਹਿਣਾ ਹੈ। ਮੈਂ ਕਸ਼ਮੀਰ 'ਚ 4 ਦਿਨ ਰਿਹਾ ਅਤੇ 2 ਹੋਰ ਦਿਨ ਜੰਮੂ 'ਚ ਰਹਿਣ ਲਈ ਇੱਥੇ ਪਹੁੰਚਿਆ ਹਾਂ। 6 ਦਿਨਾ ਦੌਰੇ ਦੇ ਸਮਾਪਨ ਤੋਂ ਬਾਅਦ ਜੋ ਵੀ ਕਹਿਣਾ ਹੋਵੇਗਾ, ਕਹਾਂਗਾ।''

ਜੰਮੂ-ਕਸ਼ਮੀਰ 'ਚ ਹਾਲਾਤ ਬਾਰੇ ਉਨ੍ਹਾਂ ਦਾ ਆਕਲਨ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪੇ ਜਾਣ ਸੰਬੰਧੀ ਇਕ ਸਵਾਲ 'ਤੇ ਆਜ਼ਾਦ ਨੇ ਕਿਹਾ ਕਿ ਉਨ੍ਹਾਂ ਦੀ ਦਿੱਲੀ ਵਾਪਸੀ ਤੋਂ ਬਾਅਦ ਇਸ 'ਤੇ ਫੈਸਲਾ ਹੋਵੇਗਾ। ਉਨ੍ਹਾਂ ਨੇ ਕਿਹਾ,''ਮੈਂ ਘਾਟੀ 'ਚ ਰੁਕਣ ਦੌਰਾਨ ਜਿਨ੍ਹਾਂ ਥਾਂਵਾਂ 'ਤੇ ਜਾਣਾ ਚਾਹੁੰਦਾ ਸੀ, ਉਸ ਦੇ 10 ਫੀਸਦੀ ਸਥਾਨਾਂ 'ਤੇ ਵੀ ਪ੍ਰਸ਼ਾਸਨ ਨੇ ਮੈਨੂੰ ਜਾਣ ਨਹੀਂ ਦਿੱਤਾ।'' ਸਿਆਸੀ ਨੇਤਾਵਾਂ ਨੂੰ ਹਿਰਾਸਤ 'ਚ ਲਏ ਜਾਣ ਅਤੇ ਸਿਆਸੀ ਗਤੀਵਿਧੀਆਂ 'ਤੇ ਪਾਬੰਦੀਆਂ ਬਾਰੇ ਪੁੱਛੇ ਜਾਣ 'ਤੇ ਆਜ਼ਾਦ ਨੇ ਕਿਹਾ,''ਜੰਮੂ-ਕਸ਼ਮੀਰ 'ਚ ਹਰ ਵਿਅਕਤੀ ਦੀ ਆਜ਼ਾਦੀ ਦਾ ਕੋਈ ਨਿਸ਼ਾਨ ਨਹੀਂ ਹੈ।'' ਆਜ਼ਾਦ ਦਾ ਦੌਰਾ ਉਦੋਂ ਮੁਮਕਿਨ ਹੋਇਆ, ਜਦੋਂ 16 ਸਤੰਬਰ ਨੂੰ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਰਾਜ ਜਾਣ ਦੀ ਮਨਜ਼ੂਰੀ ਦਿੱਤੀ ਸੀ। ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਾਂਗਰਸ ਨੇਤਾ ਨੂੰ 4 ਜ਼ਿਲਿਆਂ- ਸ਼੍ਰੀਨਗਰ, ਜੰਮੂ, ਬਾਰਾਮੂਲਾ, ਅਨੰਤਨਾਗ 'ਚ ਲੋਕਾਂ ਨੂੰ ਮਿਲਣ ਦੀ ਮਨਜ਼ੂਰੀ ਦਿੱਤੀ ਸੀ।


author

DIsha

Content Editor

Related News