ਬਹੁਤ ਪਹਿਲਾਂ ਲਿਖੀ ਗਈ ਸੀ ਗੁਲਾਮ ਨਬੀ ਆਜ਼ਾਦ ਦੇ ਅਸਤੀਫ਼ੇ ਦੀ ਸਕ੍ਰਿਪਟ
Sunday, Aug 28, 2022 - 10:59 AM (IST)
ਨਵੀਂ ਦਿੱਲੀ– ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਦਾ ਪਾਰਟੀ ਤੋਂ ਅਸਤੀਫ਼ਾ ਬਹੁਤ ਪਹਿਲਾਂ ਤਿਆਰ ਕੀਤੀ ਗਈ ਸਕ੍ਰਿਪਟ ਮੁਤਾਬਕ ਸੀ। ਆਜ਼ਾਦ ਜੇ ਕਾਂਗਰਸ ਦੇ ਬਾਹਰ ਮੌਕਿਆਂ ਦੀ ਭਾਲ ’ਚ ਸਨ ਤਾਂ ਭਾਜਪਾ ਜੰਮੂ-ਕਸ਼ਮੀਰ ’ਚ ਮੁਸਲਿਮ ਚਿਹਰੇ ਦੀ ਭਾਲ ’ਚ ਸੀ। 5 ਸਿਆਸੀ ਪਾਰਟੀਆਂ ਦੇ ਗੁਪਕਾਰ ਗਠਜੋੜ ਦੇ ਗਠਨ ਨੇ ਸੱਤਾਧਾਰੀ ਭਾਜਪਾ ਨੂੰ ਚਿੰਤਾ ’ਚ ਪਾ ਦਿੱਤਾ ਸੀ। ਹਾਲਾਂਕਿ ਚੋਣ ਕਮਿਸ਼ਨ ਨੇ ਹਲਕਾਬੰਦੀ ਅਤੇ ਸੂਬੇ ’ਚ ਰਹਿਣ ਵਾਲਿਆਂ ਨੂੰ ਵੋਟਰਾਂ ਦੇ ਰੂਪ ’ਚ ਜੋੜਣ ਨਾਲ ਭਗਵਾ ਪਾਰਟੀ ਦੇ ਹੱਥ ਮਜ਼ਬੂਤ ਹੋ ਗਏ ਸਨ ਪਰ ਵਾਦੀ ’ਚ ਉਸ ਦੇ ਕੋਲ ਗਠਜੋੜ ਕਰਨ ਲਈ ਕੋਈ ਦੂਜਾ ਚਿਹਰਾ ਨਹੀਂ ਸੀ।
ਇਹ ਵੀ ਪੜ੍ਹੋ- ਕਾਂਗਰਸ ਨੂੰ ਵੱਡਾ ਝਟਕਾ, ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ
ਜੰਮੂ ’ਚ ਭਾਜਪਾ ਦਾ ਦਬਦਬਾ ਕਾਫੀ ਵਧ ਗਿਆ ਸੀ ਪਰ ਉਸ ਨੂੰ ਇਕ ਅਜਿਹੇ ਚਿਹਰੇ ਦੀ ਲੋੜ ਸੀ, ਜਿਸ ਨਾਲ ਉਹ ਤਾਲਮੇਲ ਕਰ ਸਕੇ। ਭਾਜਪਾ ਕੈਪਟਨ ਅਮਰਿੰਦਰ ਸਿੰਘ ਵਰਗਾ ਚਿਹਰਾ ਚਾਹੁੰਦੀ ਸੀ, ਇਸ ਤੱਥ ਦੇ ਬਾਵਜੂਦ ਕਿ ਕਾਂਗਰਸ ਨੂੰ ਕਮਜ਼ੋਰ ਕਰਨ ਦੇ ਉਸ ਦੇ ਪ੍ਰਯੋਗ ਨਾਲ ‘ਆਪ’ ਨੂੰ ਭਾਰੀ ਸਫਲਤਾ ਮਿਲੀ। ਉਦੋਂ ਵੀ ਭਾਜਪਾ ਕੋਲ ਕੋਈ ਬਦਲ ਨਹੀਂ ਸੀ ਅਤੇ ਉਹ ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ ਅਤੇ ਹੋਰ ਸੀਨੀਅਰ ਕਾਂਗਰਸ ਨੇਤਾਵਾਂ ਨੂੰ ਕਾਂਗਰਸ ਦੇ ਸਾਏ ਤੋਂ ਬਾਹਰ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਤੋਂ ਪਤਾ ਚੱਲਦਾ ਹੈ ਕਿ ਆਜ਼ਾਦ ਆਪਣੀ ਪਾਰਟੀ ਬਣਾਉਣਗੇ, ਜਿਵੇਂ ਕਿ ਉਨ੍ਹਾਂ ਨੇ ਐਲਾਨ ਕੀਤਾ ਸੀ ਅਤੇ ਸ਼ੁਰੂ ’ਚ ਕਿਸੇ ਦੇ ਨਾਲ ਗਠਜੋੜ ਨਹੀਂ ਕਰਨਗੇ।
ਇਹ ਵੀ ਪੜ੍ਹੋ- ...ਜਦੋਂ ਸੰਸਦ ’ਚ ਗੁਲਾਮ ਨਬੀ ਆਜ਼ਾਦ ਲਈ ਰੋ ਪਏ ਸਨ PM ਮੋਦੀ, ਜਾਣੋ ਭਾਸ਼ਣ ’ਚ ਕੀ ਬੋਲੇ ਸਨ
ਆਜ਼ਾਦ 5 ਦਲਾਂ ਦੇ ਗੁਪਕਾਰ ਗਠਜੋੜ ਨੂੰ ਕਮਜ਼ੋਰ ਕਰਨ ਅਤੇ ਸੂਬਾ ਪ੍ਰਸ਼ਾਸਨ ਤੇ ਭਾਜਪਾ ਦੀ ਮਦਦ ਨਾਲ ਵਾਦੀ ’ਚ ਹੋਰ ਕਾਂਗਰਸੀ ਨੇਤਾਵਾਂ ਨੂੰ ਵੱਡੇ ਪੱਧਰ ’ਤੇ ਆਪਣੇ ਨਾਲ ਲਿਆਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਚਰਚਾ ਹੈ ਕਿ ਉਹ ਅਸਿੱਧੇ ਤੌਰ ’ਤੇ ਭਾਜਪਾ ਦੀ ਮਦਦ ਕਰਨ ਜਾ ਰਹੇ ਹਨ ਕਿਉਂਕਿ ਘੱਟ-ਗਿਣਤੀਆਂ ਦੇ ਵੋਟ ਇਕ ਪਾਸੇ ਆਜ਼ਾਦ ਅਤੇ ਦੂਜੇ ਪਾਸੇ ਗੁਪਕਾਰ ਗਠਜੋੜ ਵਿਚਾਲੇ ਵੰਡੇ ਜਾਣਗੇ, ਜਿਸ ਨਾਲ ਵਾਦੀ ’ਚ ਭਾਜਪਾ ਨੂੰ ਕੁਝ ਸੀਟਾਂ ਮਿਲ ਸਕਦੀਆਂ ਹਨ। ਭਾਜਪਾ ਨੂੰ ਜੰਮੂ-ਕਸ਼ਮੀਰ ’ਚ ਇਸ ਦਾ ਪੂਰਾ ਫਾਇਦਾ ਮਿਲਣ ਦੀ ਉਮੀਦ ਹੈ ਅਤੇ ਜੇ ਸਭ ਕੁਝ ਯੋਜਨਾ ਅਨੁਸਾਰ ਚੱਲਿਆ ਤਾਂ ਉਥੇ ਇਕ ਹਿੰਦੂ ਮੁੱਖ ਮੰਤਰੀ ਦੇਖਣ ਨੂੰ ਮਿਲ ਸਕਦਾ ਹੈ। ਪਿਛਲੇ 2 ਸਾਲਾਂ ਤੋਂ ਭਾਜਪਾ ਅਤੇ ਆਜ਼ਾਦ ਦੀ ਇਕ-ਦੂਜੇ ਦੀ ਕੀਤੀ ਤਾਰੀਫ ਯਕੀਨੀ ਤੌਰ ’ਤੇ ਇਸ ਦਾ ਸੰਕੇਤ ਦੇ ਰਹੀ ਹੈ।