ਅਨੋਖੀ ਪਹਿਲ : ਬੋਰਡ ਦੀ ਪ੍ਰੀਖਿਆ 'ਚ 80% ਨੰਬਰ ਲਿਆਓ, ਹਵਾਈ ਸੈਰ ਦਾ ਮੌਕਾ ਪਾਓ

12/14/2019 1:48:52 PM

ਰਾਏਪੁਰ— ਬੱਚੇ ਜੋ ਕਿ ਸਾਡੇ ਦੇਸ਼ ਦਾ ਸੁਨਹਿਰੀ ਭਵਿੱਖ ਹਨ, ਉਨ੍ਹਾਂ ਦੇ ਭਵਿੱਖ ਨੂੰ ਸੰਵਾਰਨ ਲਈ ਸਿੱਖਿਅਕ ਹੋਣਾ ਬਹੁਤ ਜ਼ਰੂਰੀ ਹੈ। ਮਾਪੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਪੂਰੀ ਵਾਹ ਲਾ ਦਿੰਦੇ ਹਨ। ਪੜ੍ਹ-ਲਿਖ ਕੇ ਬੱਚੇ ਮਾਪਿਆਂ ਦਾ ਹੀ ਨਹੀਂ ਸਗੋਂ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕਰ ਦਿੰਦੇ ਹਨ। ਛੱਤੀਸਗੜ੍ਹ ਦੇ ਛੋਟੇ ਜਿਹੇ ਪਿੰਡ ਮੁਸੁਰਪੁੱਟਾ ਦੀ ਇਕ ਅਨੋਖੀ ਪਹਿਲ ਬਦਲਦੇ ਭਾਰਤ ਦੀ ਵੱਖਰੀ ਤਸਵੀਰ ਪੇਸ਼ ਕਰਦੀ ਨਜ਼ਰ ਆ ਰਹੀ ਹੈ। ਬੱਚਿਆਂ ਦਾ ਭਵਿੱਖ ਸੰਵਰ ਸਕੇ ਅਤੇ ਉਨ੍ਹਾਂ ਵਿਚ ਸਿੱਖਿਆ ਪ੍ਰਤੀ ਲਗਨ ਪੈਦਾ ਹੋਵੇ, ਇਸ ਲਈ ਪਿੰਡ ਵਾਸੀਆਂ ਨੇ ਮਿਲ ਕੇ ਇਕ ਤਰਕੀਬ ਖੋਜੀ। ਤੈਅ ਕੀਤਾ ਗਿਆ ਕਿ ਜੋ ਵੀ ਬੱਚਾ 10ਵੀਂ ਅਤੇ 12ਵੀਂ ਦੀ ਪ੍ਰੀਖਿਆ 'ਚੋਂ 80 ਫੀਸਦੀ ਤੋਂ ਵੱਧ ਨੰਬਰ ਲੈ ਕੇ ਆਵੇਗਾ, ਉਸ ਨੂੰ ਹਵਾਈ ਜਹਾਜ਼ 'ਚ ਉਡਾਣ ਭਰਨ ਦਾ ਮੌਕਾ ਮਿਲੇਗਾ।

PunjabKesari

2008 'ਚ ਸ਼ੁਰੂ ਕੀਤੀ ਇਹ ਅਨੋਖੀ ਪਹਿਲ—
ਦਰਅਸਲ ਸਾਲ 2008 'ਚ ਸ਼ੁਰੂ ਹੋਈ ਇਸ ਪਹਿਲ ਦਾ ਨਤੀਜਾ ਅੱਜ ਇਹ ਹੈ ਕਿ ਪਿੰਡ ਦੇ ਬੱਚਿਆਂ ਦੇ ਰਿਜ਼ਲਟ ਬਿਹਤਰ ਸਾਹਮਣੇ ਆ ਰਹੇ ਹਨ। ਉਦੋਂ ਤੋਂ 80 ਫੀਸਦੀ ਤੋਂ ਵਧ ਨੰਬਰ ਲਿਆਉਣ ਵਾਲੇ ਬੱਚਿਆਂ ਦੀ ਗਿਣਤੀ ਵਧ ਰਹੀ ਹੈ। ਪਿੰਡ ਵਾਸੀ ਆਪਣੇ ਵਾਅਦੇ ਦੇ ਪੱਕੇ ਹਨ ਅਤੇ ਹਰ ਸਾਲ ਅਜਿਹੇ ਬੱਚਿਆਂ ਨੂੰ ਹਵਾਈ ਜਹਾਜ਼ ਦੀ ਸੈਰ ਕਰਵਾਈ ਜਾਂਦੀ ਹੈ।

12 ਸਾਲ ਤੋਂ ਹਵਾਈ ਉਡਾਣ ਦਾ ਸਫਰ ਜਾਰੀ—
ਬੀਤੇ 12 ਸਾਲ ਤੋਂ ਇਸ ਪਿੰਡ ਦੇ ਬੱਚਿਆਂ ਦੀ ਹਵਾਈ ਉਡਾਣ ਦਾ ਸਫਰ ਜਾਰੀ ਹੈ। ਹਰ ਸਾਲ ਗਿਣਤੀ ਵਧਦੀ ਜਾਂਦੀ ਹੈ। ਬੱਚਿਆਂ ਨੂੰ ਹੁਣ ਤਕ ਦਿੱਲੀ, ਆਗਰਾ, ਮਥੁਰਾ, ਅੰਮ੍ਰਿਤਸਰ, ਜੰਮੂ-ਕਸ਼ਮੀਰ, ਕੋਲਕਾਤਾ,ਹੈਦਰਾਬਾਦ, ਮੁੰਬਈ ਵਰਗੀਆਂ ਥਾਵਾਂ ਦੀ ਸੈਰ ਕਰਵਾਈ ਜਾ ਚੁੱਕੀ ਹੈ। ਟੌਪਰਜ਼ ਨੂੰ ਤਾਂ ਨੇਪਾਲ ਅਤੇ ਭੂਟਾਨ ਤਕ ਦੀ ਸੈਰ ਕਰਵਾਈ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਪਿੰਡ ਵਾਸੀਆਂ ਵਲੋਂ ਆਪਸ 'ਚ ਚੰਦਾ ਜੋੜ ਕੇ ਹਵਾਈ ਸੈਰ ਕਰਵਾਈ ਜਾਂਦੀ ਹੈ, ਜੋ ਕਿ ਅੱਜ ਵੀ ਜਾਰੀ ਹੈ।

ਪਹਿਲਾਂ ਨਤੀਜੇ 50 ਫੀਸਦੀ ਤਕ ਸਨ ਸੀਮਤ—
ਪਿੰਡ ਵਿਚ ਪ੍ਰਾਇਮਰੀ ਸਕੂਲ 'ਚ ਪੜ੍ਹਨ ਮਗਰੋਂ ਬੱਚੇ ਹਾਇਰ ਸੈਕੰਡਰੀ ਸਕੂਲ 'ਚ ਜਾਂਦੇ ਹਨ। ਪਹਿਲਾਂ ਇਨ੍ਹਾਂ ਸਕੂਲਾਂ ਦੇ ਨਤੀਜੇ 50 ਫੀਸਦੀ ਤਕ ਸੀਮਤ ਸਨ ਪਰ ਮੌਜੂਦਾ ਸਮੇਂ ਵਿਚ ਇਹ 80 ਤੋਂ 92 ਫੀਸਦੀ ਤਕ ਜਾ ਪੁੱਜੇ ਹਨ। ਸੈੱਲ ਦੇ ਕਨਵੀਨਰ ਧਨਰਾਜ ਮਰਕਾਮ ਨੇ ਦੱਸਿਆ ਕਿ ਇਸ ਵਾਰ 2019-20 'ਚ ਸੂਬੇ ਦੀ ਟੌਪਟੇਨ ਸੂਚੀ 'ਚ ਥਾਂ ਬਣਾਉਣ ਵਾਲੇ ਬੱਚਿਆਂ ਨੂੰ ਸਿੰਗਾਪੁਰ ਅਤੇ ਸਕੂਲ ਪੱਧਰ 'ਤੇ ਟੌਪ ਰਹਿਣ ਵਾਲੇ ਬੱਚਿਆਂ ਨੂੰ ਵੀ ਵਿਦੇਸ਼ ਦੀ ਸੈਰ ਕਰਵਾਈ ਜਾਵੇਗੀ।


Tanu

Content Editor

Related News