WHO ''ਚ ਵੱਡੀ ਜ਼ਿੰਮੇਵਾਰੀ ਨਿਭਾਉਣ ਲਈ ਭਾਰਤ ਤਿਆਰ, ਸਾਹਮਣੇ ਇਹ ਚੁਣੌਤੀ

Thursday, May 14, 2020 - 06:32 PM (IST)

WHO ''ਚ ਵੱਡੀ ਜ਼ਿੰਮੇਵਾਰੀ ਨਿਭਾਉਣ ਲਈ ਭਾਰਤ ਤਿਆਰ, ਸਾਹਮਣੇ ਇਹ ਚੁਣੌਤੀ

ਜਿਨੇਵਾ/ਨਵੀਂ ਦਿੱਲੀ (ਬਿਊਰੋ): ਭਾਰਤ ਜਲਦੀ ਹੀ ਵਿਸ਼ਵ ਸਿਹਤ ਸੰਗਠਨ (WHO) ਵਿਚ ਵੱਡੀ ਭੂਮਿਕਾ ਨਿਭਾਉਣ ਜਾ ਰਿਹਾ ਹੈ। ਜਲਦੀ ਹੀ ਭਾਰਤ ਵਿਸ਼ਵ ਸਿਹਤ ਸੰਗਠਨ ਦੇ ਫੈਸਲੇ ਲੈਣ ਵਾਲੀ ਈਕਾਈ ਨੂੰ ਲੀਡ ਕਰੇਗਾ। ਇਸ ਜ਼ਿੰਮੇਵਾਰੀ ਨੇ ਭਾਰਤ ਲਈ ਮੌਕੇ ਦੇ ਨਾਲ ਚੁਣੌਤੀ ਵੀ ਪੇਸ਼ ਕੀਤੀ ਹੈ। ਭਾਰਤ WHO ਦੀ ਕਾਰਜਕਾਰੀ ਬੋਰਡ ਦੀ ਕੁਰਸੀ 'ਤੇ ਬੈਠਣ ਵਾਲਾ ਹੈ। ਭਾਰਤ ਜਿੱਥੇ ਫੈਸਲਾ ਲੈਣ ਵਾਲੇ ਸਾਰੇ ਗਲੋਬਲ ਮੰਚਾਂ ਦਾ ਮੈਂਬਰ ਬਣਨ ਦਾ ਚਾਹਵਾਨ ਸੀ ਉੱਥੇ ਉਸ ਨੂੰ ਇਹ ਵੱਡੀ ਜ਼ਿੰਮੇਵਾਰੀ ਕੋਰੋਨਾਵਾਇਰਸ ਸੰਕਟ ਦੇ ਵਿਚ ਮਿਲ ਰਹੀ ਹੈ। ਵਿਸ਼ਵ ਸਿਹਤ ਸੰਗਠਨ ਦੀ ਫੈਸਲਾ ਲੈਣ ਵਾਲੀ ਇਕਾਈ ਦੀ ਜ਼ਿੰਮੇਵਾਰੀ ਨਵੀਂ ਦਿੱਲੀ ਦੇ ਲਈ ਕਾਫੀ ਚੁਣੌਤੀਪੂਰਨ ਹੋਣ ਜਾ ਰਹੀ ਹੈ ਉਦੋਂ ਜਦੋਂ ਸੰਯੁਕਤ ਰਾਸ਼ਟਰ ਦੀ ਇਹ ਏਜੰਸੀ ਅਮਰੀਕਾ ਅਤੇ ਚੀਨ ਦੇ ਭੂ-ਰਾਜਨੀਤਿਕ ਲੜਾਈ (Geopolitical Battle) ਦਾ ਕੇਂਦਰ ਬਣ ਗਈ ਹੈ। 

ਜ਼ਿਕਰਯੋਗ ਹੈ ਕਿ ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ 'ਤੇ ਦੋਸ਼ ਲਗਾਏ ਹਨ ਕਿ ਕੋਰੋਨਾਵਾਇਰਸ ਨਾਲ ਸੰਬੰਧਤ ਉਸ ਦੇ ਕਦਮ ਚੀਨ ਕੇਂਦਰਿਤ ਰਹੇ ਹਨ ਅਤੇ ਉਹ ਉਸ ਦਾ ਬਚਾਅ ਕਰਦਾ ਆਇਆ ਹੈ। ਉੱਥੇ ਚੀਨ ਨੇ ਵੀ ਸੋਸ਼ਲ ਮੀਡੀਆ 'ਤੇ ਅਮਰੀਕਾ ਦੇ ਵਿਰੁੱਧ ਮੁਹਿੰਮ ਛੇੜੀ ਹੋਈ ਹੈ। ਵਿਸ਼ਵ ਸਿਹਤ ਸੰਗਠਨ ਜਿੱਥੇ ਆਪਣੀ ਭਰੋਸੇਯੋਗਤਾ ਬਰਕਰਾਰ ਰੱਖਣ ਦੇ ਸੰਕਟ ਵਿਚੋਂ ਲੰਘ ਰਿਹਾ ਹੈ ਉੱਥੇ ਭਾਰਤ ਲਈ ਵੀ ਇਹ ਇਕ ਮੌਕਾ ਵੀ ਹੋ ਸਕਦਾ ਹੈ ਕਿ ਕਿਵੇਂ ਇਸ ਦੀ ਲੀਡਰਸ਼ਿਪ ਨੂੰ ਮਜ਼ਬੂਤ ਰੱਖਿਆ ਜਾਵੇ।

ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਦੇ ਸਲਾਹਕਾਰ ਦੀ ਭੂਮਿਕਾ ਨਿਭਾ ਚੁਕੇ ਮੁਹੰਮਦ ਜੀਸ਼ਾਨ ਕਹਿੰਦੇ ਹਨ ਕਿ ਭਾਰਤ ਆਪਣੀ ਐਡਵਾਂਸ ਫਾਰਮਾਸੂਟੀਕਲ ਇੰਡਸਟਰੀ ਦਾ ਫਾਇਦਾ ਚੁੱਕ ਸਕਦਾ ਹੈ ਅਤੇ ਇਕ ਟੈਕਨੋਕ੍ਰੈਟਿਕ ਭੂਮਿਕਾ ਵਿਚ ਆ ਸਕਦਾ ਹੈ। ਜੀਸ਼ਾਨ ਕਹਿੰਦੇ ਹਨ ਕਿ ਇਸ ਹਫਤੇ ਪੀ.ਐੱਮ. ਮੋਦੀ ਨੇ ਦੇਸ਼ ਦੇ ਨਾਮ ਸੰਬੋਧਨ ਵਿਚ ਫਾਰਮਾਸੂਟੀਕਲ ਦੀ ਇੱਛਾ ਨੂੰ ਦਰਸ਼ਾਇਆ ਹੈ। ਉਹਨਾਂ ਨੇ ਰਾਤੋਂ-ਰਾਤ ਜ਼ਰੂਰੀ ਮੈਡੀਕਲ ਉਪਕਰਣ ਬਣਾਉਣ ਲਈ ਇੰਡਸਟਰੀ ਦੀ ਪ੍ਰੰਸ਼ਸਾ ਕੀਤੀ ਹੈ ਅਤੇ ਇਸ ਮਹਾਮਾਰੀ ਨੂੰ ਭਾਰਤ ਦੇ ਗਲੋਬਲ ਲੀਡਰ ਬਣਨ ਦਾ ਮੌਕਾ ਦੱਸਿਆ। ਇਕ ਉਭਰਦੀ ਹੋਈ ਵੱਡੀ ਗਲੋਬਲ ਸ਼ਕਤੀ ਦੇ ਰੂਪ ਵਿਚ ਜਿੱਥੇ ਭਾਰਤ ਵਿਸ਼ਵ ਦੀ ਸਭ ਤੋਂ ਵੱਡੀ ਹੈਲਥ ਬੌਡੀ ਦੀ ਜ਼ਿੰਮੇਵਾਰੀ ਨਿਭਾਉਣ ਜਾ ਰਿਹਾ ਹੈ ਉੱਥੇ ਅਜਿਹੇ ਵਿਚ ਉਸ ਲਈ ਭੂ-ਰਾਜਨੀਤਿਕ ਲੜਾਈ ਤੋਂ ਬਚਣਾ ਆਸਾਨ ਨਹੀਂ ਹੋਵੇਗਾ।

ਪੜ੍ਹੋ ਇਹ ਅਹਿਮ ਖਬਰ- ਹੁਣ ਇਟਲੀ ਦੇ ਬੱਚਿਆਂ 'ਚ ਦਿਸੇ ਅਜੀਬ ਲੱਛਣ, ਡਾਕਟਰਾਂ ਨੇ ਕਿਹਾ-ਕੋਰੋਨਾ ਦਾ ਰੂਪ'

ਭਾਰਤ ਲਈ ਵੱਡੀ ਚੁਣੌਤੀ
ਇਸੇ ਹਫਤੇ ਅਮਰੀਕਾ ਨੇ ਤਾਈਵਾਨ ਨੂੰ ਵਿਸ਼ਵ ਸਿਹਤ ਸੰਗਠਨ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਦੀ ਪਹਿਲ ਕੀਤੀ ਹੈ। ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ 7 ਦੇਸ਼ਾਂ ਦੀ ਬੈਠਕ ਬੁਲਾਈ। ਇਹਨਾਂ 7 ਦੇਸ਼ਾਂ ਵਿਚ ਆਸਟ੍ਰੇਲੀਆ, ਬ੍ਰਾਜ਼ੀਲ, ਇਜ਼ਰਾਈਲ, ਜਾਪਾਨ ਅਤੇ ਦੱਖਣੀ ਕੋਰੀਆ ਦੇ ਇਲਾਵਾ ਭਾਰਤ ਵੀ ਸ਼ਾਮਲ ਸੀ ਪਰ 2 ਦਿਨ ਬਾਅਦ ਹੀ ਭਾਰਤ ਨੂੰ ਚੀਨ ਅਤੇ ਰੂਸ ਨੇ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਦੀ ਬੈਠਕ ਵਿਚ ਸੱਦਾ ਦਿੱਤਾ। ਇਸ ਦਾ ਉਦੇਸ਼ ਮਹਾਮਾਰੀ ਵਿਰੁੱਧ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ 'ਤੇ ਚਰਚਾ ਕਰਨਾ ਸੀ। ਜ਼ਿਕਰਯੋਗ ਹੈ ਕਿ ਚੀਨ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ।

ਭਾਰਤ 3 ਸਾਲ ਤੱਕ ਵਿਸ਼ਵ ਸਿਹਤ ਸੰਗਠਨ ਦੀ ਨੁਮਾਇੰਦਗੀ ਕਰੇਗਾ ਅਤੇ ਇਹ ਭਾਰਤ ਲਈ ਮੌਕਾ ਹੈ ਕਿ ਉਹ ਕਿਸ ਤਰ੍ਹਾਂ ਗਲੋਬਲ ਸੰਗਠਨ ਨੂੰ ਮੌਜੂਦਾ ਸੰਕਟ ਵਿਚੋਂ ਬਾਹਰ ਕੱਢੇਗਾ। ਭਾਰਤ ਲਈ ਇਹ ਜ਼ਰੂਰੀ ਹੋਵੇਗਾ ਕਿ ਉਹ ਆਪਣੀ ਆਜ਼ਾਦੀ, ਦਿਲਚਸਪੀ, ਅਤੇ ਭਰੋਸੇਯੋਗਤਾ ਨੂੰ ਬਰਕਰਾਰ ਰੱਖਦਿਆਂ ਇਹ ਜ਼ਿੰਮੇਵਾਰੀ ਨਿਭਾਏ।


author

Vandana

Content Editor

Related News