ਗੈਂਗਰੇਪ ਪੀੜਤਾ ਨੇ ਥਾਣੇ ''ਚ ਕੀਤੀ ਖੁਦਕੁਸ਼ੀ, ਆਖਰੀ ਸਾਹ ਤੱਕ ਮੰਗੀ ਰਹੀ ਨਿਆਂ
Tuesday, Sep 03, 2019 - 12:38 PM (IST)
 
            
            ਯਮੁਨਾਨਗਰ— ਔਰਤਾਂ ਦੀ ਸੁਰੱਖਿਆ ਕਰਨ ਦੀ ਗੱਲ ਕਰਨ ਵਾਲੀ ਹਰਿਆਣਾ ਸਰਕਾਰ ਦੇ ਦਾਅਵਿਆਂ ਦਰਮਿਆਨ ਯਮੁਨਾਨਗਰ 'ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਤਿੰਨ ਮਹੀਨਿਆਂ ਤੋਂ ਪੁਲਸ ਤੋਂ ਇਨਸਾਫ਼ ਦੀ ਗੁਹਾਰ ਲੱਗਾ ਰਹੀ ਇਕ ਗੈਂਗਰੇਪ ਪੀੜਤਾ ਨੇ ਤੰਗ ਆ ਕੇ ਪੁਲਸ ਸਟੇਸ਼ਨ 'ਚ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਦੋਸ਼ ਹੈ ਕਿ ਜ਼ਹਿਰ ਖਾਣ ਤੋਂ ਬਾਅਦ ਤੜਫ ਰਹੀ ਪੀੜਤਾ ਨੂੰ ਪੁਲਸ ਵਲੋਂ ਹਸਪਤਾਲ ਪਹੁੰਚਾਉਣਾ ਤਾਂ ਦੂਰ ਦੀ ਗੱਲ ਹੈ, ਪਰਿਵਾਰ ਵਾਲਿਆਂ ਨੂੰ ਵੀ ਪੀੜਤਾ ਨੂੰ ਹਸਪਤਾਲ ਲਿਜਾਉਣ ਤੋਂ ਜ਼ਬਰਨ ਰੋਕੇ ਰੱਖਿਆ ਗਿਆ।
ਸਿਰਫ਼ 22 ਸਾਲਾ ਕੁੜੀ ਆਖਰੀ ਸਾਹ ਤੱਕ ਨਿਆਂ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰਦੀ ਰਹੀ ਪਰ ਪੁਲਸ ਦਾ ਦਿਲ ਨਹੀਂ ਪਸੀਜਿਆ। ਇਸ ਤੋਂ ਬਾਅਦ ਪੀੜਤਾ ਨੇ ਇਨਸਾਫ਼ ਲਈ ਜਠਲਾਨਾ ਪੁਲਸ ਸਟੇਸ਼ਨ ਤੋਂ ਲੈ ਕੇ ਯਮੁਨਾਨਗਰ ਐੱਸ.ਪੀ. ਤੱਕ ਦਾ ਦਰਵਾਜ਼ਾ ਖੜਕਾਇਆ ਪਰ ਹਰ ਵਾਰ ਉਸ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਗਿਆ। ਜਿਸ ਸਮੇਂ ਪੀੜਤਾ ਨੇ ਜਠਲਾਨਾ ਪੁਲਸ ਸਟੇਸ਼ਨ 'ਚ ਜ਼ਹਿਰ ਖਾਧਾ, ਉਸ ਸਮੇਂ ਵੀ ਉਹ ਆਪਣੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੀ।
ਯਮੁਨਾਨਗਰ ਦੇ ਡੀ.ਐੱਸ.ਪੀ. ਸੁਭਾਸ਼ ਚੰਦ ਸਖਤ ਕਾਰਵਾਈ ਦਾ ਭਰੋਸਾ ਦੇ ਰਹੇ ਹਨ। ਉਨ੍ਹਾਂ ਅਨੁਸਾਰ ਪੁਲਸ ਕੋਲ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ ਆ ਚੁਕੀ ਹੈ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਸਪੈਸ਼ਲ ਟੀਮ ਦਾ ਵੀ ਗਠਨ ਕਰ ਦਿੱਤਾ ਗਿਆ ਹੈ। ਡੀ.ਐੱਸ.ਪੀ. ਤੋਂ ਜਦੋਂ ਜਠਲਾਨਾ ਪੁਲਸ ਵਲੋਂ ਇਸ ਮਾਮਲੇ 'ਚ ਵਰਤੀ ਗਈ ਲਾਪਰਵਾਹੀ ਅਤੇ ਜ਼ਹਿਰ ਖਾਣ ਤੋਂ ਬਾਅਦ ਮ੍ਰਿਤਕਾ ਨੂੰ ਹਸਪਤਾਲ ਨਾ ਪਹੁੰਚਾਉਣ ਦਾ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਦੋਸ਼ੀ ਪੁਲਸ ਵਾਲਿਆਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਵੇਗੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            