ਗਣੇਸ਼ ਵਿਸਰਜਨ ਸਮੇਂ ਪਾਣੀ ਪ੍ਰਦੂਸ਼ਣ ਤੋਂ ਬਚੋ : ਨਰਿੰਦਰ ਮੋਦੀ
Saturday, Sep 07, 2019 - 02:42 PM (IST)

ਮੁੰਬਈ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਲੋਕਾਂ ਨੂੰ ਗਣੇਸ਼ ਵਿਸਰਜਨ ਦੌਰਾਨ ਇਹ ਯਕੀਨੀ ਕਰਨ ਦੀ ਅਪੀਲ ਕੀਤੀ ਕਿ ਉਹ ਪਾਣੀ ਪ੍ਰਦੂਸ਼ਣ ਕਰਨ ਤੋਂ ਬਚਣ ਅਤੇ ਪਲਾਸਟਿਕ ਤੇ ਹੋਰ ਵੇਸਟ (ਕੂੜਾ) ਸਮੁੰਦਰ 'ਚ ਨਾ ਜਾਵੇ। ਮੋਦੀ ਇਕ ਦਿਨਾ ਦੌਰੇ 'ਤੇ ਮਹਾਰਾਸ਼ਟਰ ਪਹੁੰਚੇ ਹਨ, ਜਿਸ ਦੀ ਸ਼ੁਰੂਆਤ ਉਨ੍ਹਾਂ ਨੇ ਉਪਨਗ ਵਿਲੇ ਪਾਰਲੇ 'ਚ ਭਗਵਾਨ ਗਣੇਸ਼ ਦੇ ਦਰਸ਼ਨ ਕਰ ਕੇ ਕੀਤੀ। ਮੁੰਬਈ 'ਚ ਤਿੰਨ ਮੈਟਰੋ ਲਾਈਨਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਇਹ ਗੱਲ ਕਹੀ। ਮੋਦੀ ਨੇ ਇੱਥੇ ਆਧੁਨਿਕ ਮੈਟਰੋ ਕੋਚ ਦਾ ਵੀ ਉਦਘਾਟਨ ਕੀਤਾ, ਇਹ ਭਾਰਤ 'ਚ ਬਣੀ ਪਹਿਲੀ ਮੈਟਰੋ ਦਾ ਡੱਬਾ ਹੈ।
ਮੋਦੀ ਨੇ ਕਿਹਾ,''ਮੈਂ 'ਇਕ ਭਾਰਤੀ-ਇਕ ਸੰਕਲਪ' ਲਈ ਸੁਝਾਅ ਦੇਣਾ ਚਾਹਾਂਗਾ। ਸਾਨੂੰ ਵਾਤਾਵਰਣ ਦੀ ਰੱਖਿਆ ਕਰਨ ਦੀ ਲੋੜ ਹੈ ਅਤੇ ਏਕਲ (ਇਕ ਵਾਰ ਵਰਤੋਂ) ਉਪਯੋਗ ਵਾਲੇ ਪਲਾਸਟਿਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ। ਸਾਨੂੰ ਪਾਣੀ ਪ੍ਰਦੂਸ਼ਣ ਤੋਂ ਬਚਣਾ ਹੋਵੇਗਾ। ਗਣੇਸ਼ ਵਿਸਰਜਨ ਦੌਰਾਨ ਪਲਾਸਟਿਕ ਅਤੇ ਹੋਰ ਵੇਸਟ ਦਾ ਢੇਰ ਸਮੁੰਦਰ 'ਚ ਚੱਲਾ ਜਾਂਦਾ ਹੈ। ਸਾਨੂੰ ਇਸ ਨੂੰ ਰੋਕਣਾ ਹੋਵੇਗਾ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਗ ਸਰਕਾਰ ਨੇ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ 100 ਦਿਨਾਂ 'ਚ ਕਈ ਇਤਿਹਾਸਕ ਫੈਸਲੇ ਲਏ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ 'ਇਕ ਭਾਰਤੀ-ਇਕ ਸੰਕਲਪ' ਨੂੰ ਅਮਲ 'ਚ ਲਿਆਉਣ ਦਾ ਸਮਾਂ ਆ ਗਿਆ ਹੈ। ਮਹਾਰਾਸ਼ਟਰ 'ਚ ਹਰ ਸਾਲ ਹਿੰਦੂ ਕਲੰਡਰ ਅਨੁਸਾਰ ਭਾਦੋਂ ਦੇ ਮਹੀਨੇ 'ਚ 10/11 ਦਿਨਾਂ ਲਈ ਗਣੇਸ਼ ਉਤਸਵ ਮਨਾਇਆ ਜਾਂਦਾ ਹੈ।