ਗਾਂਧੀ ਪਰਿਵਾਰ ਦੀ ਐੈੱਸ. ਪੀ. ਜੀ. ਦੀ ਸੁਰੱਖਿਆ ਕੀਤੀ ਜਾਵੇ ਬਹਾਲ
Thursday, Nov 21, 2019 - 12:23 AM (IST)
ਨਵੀਂ ਦਿੱਲੀ – ਰਾਜ ਸਭਾ ’ਚ ਕਾਂਗਰਸ ਦੇ ਮੈਂਬਰਾਂ ਨੇ ਬੁੱਧਵਾਰ ਮੰਗ ਕੀਤੀ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਦੀ ਮੌਜੂਦਾ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਦੀ ਐੱਸ.ਪੀ.ਜੀ. ਸੁਰੱਖਿਆ ਮੁੜ ਤੋਂ ਬਹਾਲ ਕੀਤੀ ਜਾਵੇ। ਸੱਤਾਧਾਰੀ ਭਾਜਪਾ ਨੇ ਕਿਹਾ ਕਿ ਇਹ ਫੈਸਲਾ ਕੇਂਦਰੀ ਗ੍ਰਹਿ ਮੰਤਰਾਲਾ ਨੇ ਕੀਤਾ ਹੈ ਅਤੇ ਇਸ ’ਚ ਸਿਆਸਤ ਵਾਲੀ ਕੋਈ ਗੱਲ ਨਹੀਂ।
ਕਾਂਗਰਸ ਦੇ ਸੀਨੀਅਰ ਨੇਤਾ ਆਨੰਦ ਸ਼ਰਮਾ ਨੇ ਸਿਫਰ ਕਾਲ ਦੌਰਾਨ ਇਹ ਮੁੱਦਾ ਉਠਾਉਂਦਿਆਂ ਕਿਹਾ ਕਿ ਆਗੂਆਂਂ ਦੀ ਸੁਰੱਖਿਆ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਹੈ। ਸਵ. ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੀ ਹੱਤਿਆ ਦਾ ਜ਼ਿਕਰ ਕਰਦਿਆਂ ਉਨ੍ਹਾਂ ਉਕਤ ਚਾਰਾਂ ਆਗੂਆਂ ਨੂੰ ਐੈੱਸ. ਪੀ. ਜੀ. ਦੀ ਸੁਰੱਖਿਆ ਦੇਣ ਦੀ ਮੰਗ ਕੀਤੀ। ਭਾਜਪਾ ਦੇ ਸੁਬਰਾਮਣੀਅਮ ਸਵਾਮੀ ਨੇ ਕਿਹਾ ਕਿ ਅਜਿਹੇ ਫੈਸਲੇ ਗ੍ਰਹਿ ਮੰਤਰਾਲਾ ਦੀ ਇਕ ਵਿਸ਼ੇਸ਼ ਕਮੇਟੀ ਲੈਂਦੀ ਹੈ ਤੇ ਉਹ ਸੀਮਤ ਖਤਰਿਆਂ ਦੇ ਡਰ ’ਤੇ ਵਿਚਾਰ ਕਰਨ ਪਿੱਛੋਂ ਕੋਈ ਕਦਮ ਚੁੱਕਦੀ ਹੈ। ਪਹਿਲਾਂ ਲਿੱਟੇ ਤੋਂ ਖਤਰਾ ਸੀ, ਜੋ ਹੁਣ ਨਹੀਂ ਰਿਹਾ, ਜਿਨ੍ਹਾਂ ਲਈ ਸੁਰੱਖਿਆ ਮੰਗੀ ਜਾ ਰਹੀ ਹੈ। ਉਨ੍ਹਾਂ ਵਲੋਂ ਰਾਜੀਵ ਗਾਂਧੀ ਦੇ ਕਾਤਲਾਂ ਦੀ ਸਜ਼ਾ ਘੱਟ ਕਰਨ ਦੀ ਅਪੀਲ ਵੀ ਕੀਤੀ ਗਈ ਹੈ।
ਯੂਥ ਕਾਂਗਰਸ ਨੇ ਕੀਤਾ ਵਿਖਾਵਾ
ਯੂਥ ਕਾਂਗਰਸ ਦੇ ਮੈਂਬਰਾਂ ਨੇ ਸੋਨੀਆ, ਰਾਹੁਲ, ਪ੍ਰਿਯੰਕਾ ਅਤੇ ਮਨਮੋਹਨ ਸਿੰਘ ਦੀ ਐੈੱਸ. ਪੀ. ਜੀ. ਦੀ ਸੁਰੱਖਿਆ ਲਏ ਜਾਣ ਵਿਰੁੱਧ ਬੁੱਧਵਾਰ ਵਿਖਾਵਾ ਕੀਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਸਾੜਿਆ। ਵਿਖਾਵਾਕਾਰੀਆਂ ਨੇ ਸੰਸਦ ਨੂੰ ਘੇਰਨ ਦੀ ਵੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਨ੍ਹਾਂ ਨੂੰ ਪਛਾੜ ਦਿੱਤਾ। ਕਈ ਵਿਖਾਵਾਕਾਰੀ ਰੁਕਾਵਟਾਂ ਤੋੜ ਕੇ ਅੱਗੇ ਵਧ ਗਏ। ਉਨ੍ਹਾਂ ਨੂੰ ਪੁਲਸ ਨੇ ਬੱਸਾਂ ’ਚ ਬੰਦ ਕਰ ਦਿੱਤਾ। ਵਿਖਾਵਾਕਾਰੀਆਂ ਨੇ ਆਪਣੇ ਨਾਲ ਲਿਆਂਦੇ ਪੁਤਲੇ ਸਾੜੇ।