ਕੋਰੋਨਾ ਤੋਂ ਤੰਦਰੁਸਤ ਹੋਣ ਮਗਰੋਂ 5 ਲੋਕਾਂ ਦੇ ਪਿੱਤੇ ’ਚ ਗੈਂਗਰੀਨ
Friday, Sep 17, 2021 - 11:31 AM (IST)
ਨਵੀਂ ਦਿੱਲੀ, (ਭਾਸ਼ਾ)– ਕੋਰੋਨਾ ਵਾਇਰਸ ਮਹਾਮਾਰੀ ਤੋਂ ਤੰਦਰੁਸਤ ਹੋਣ ਤੋਂ ਬਾਅਦ 5 ਲੋਕਾਂ ਨੂੰ ਪਿੱਤੇ ’ਚ ਗੈਂਗਰੀਨ ਦੀ ਸਮੱਸਿਆ ਹੋਈ। ਅਖੀਰ ਪੰਜਾਂ ਮਰੀਜ਼ਾਂ ਦਾ ਪਿੱਤਾ ਲੈਪਰੋਸਕੋਪਿਕ ਸਰਜਰੀ ਦੇ ਜ਼ਰੀਏ ਕੱਢ ਦਿੱਤਾ ਗਿਆ। ਇਨ੍ਹਾਂ 5 ਮਰੀਜ਼ਾਂ ਦਾ ਜੂਨ ਅਤੇ ਅਗਸਤ ਦੇ ਦਰਮਿਆਨ ਸਰ ਗੰਗਾਰਾਮ ਹਸਪਤਾਲ ’ਚ ਸਫਲਤਾਪੂਰਵਕ ਇਲਾਜ ਕੀਤਾ ਗਿਆ।
ਹਸਪਤਾਲ ’ਚ ਇੰਸਟੀਚਿਊਟ ਆਫ ਲਿਵਰ, ਗੈਸਟਰੋ ਐਂਟਰੋਲੌਜੀ ਐਂਡ ਪੈਨਕ੍ਰੀਏਟਿਕੋਬਾਇਲਰੀ ਸਾਇੰਸਿਜ਼ ਦੇ ਮੁਖੀ ਡਾ. ਅਨਿਲ ਅਰੋੜਾ ਨੇ ਕਿਹਾ, ‘‘ਅਸੀਂ ਜੂਨ ਅਤੇ ਅਗਸਤ ਦੇ ਦਰਮਿਆਨ ਅਜਿਹੇ 5 ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਕੀਤਾ। ਕੋਵਿਡ-19 ਤੋਂ ਤੰਦਰੁਸਤ ਹੋਣ ਤੋਂ ਬਾਅਦ ਇਨ੍ਹਾਂ ਮਰੀਜ਼ਾਂ ਦੇ ਪਿੱਤੇ ’ਚ ਪੱਥਰੀ ਤੋਂ ਬਿਨਾਂ ਹੀ ਗੰਭੀਰ ਸੋਜ ਆ ਗਈ ਸੀ ਜਿਸ ਨਾਲ ਪਿੱਤੇ ’ਚ ਗੈਂਗਰੀਨ ਦੀ ਸਮੱਸਿਆ ਪੈਦਾ ਹੋ ਗਈ। ਅਜਿਹੇ ’ਚ ਤੁਰੰਤ ਸਰਜਰੀ ਦੀ ਲੋੜ ਹੁੰਦੀ ਹੈ।’’
ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਪਹਿਲੀ ਵਾਰ ਹੈ ਜਦੋਂ ਕੋਵਿਡ-19 ਇਨਫੈਕਸ਼ਨ ਤੋਂ ਤੰਦਰੁਸਤ ਹੋਣ ਤੋਂ ਬਾਅਦ ਪਿੱਤੇ ’ਚ ਗੈਂਗਰੀਨ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ’ਚ 4 ਮਰਦ ਅਤੇ ਇਕ ਔਰਤ ਹੈ, ਜਿਨ੍ਹਾਂ ਦੀ ਉਮਰ 37 ਤੋਂ 75 ਸਾਲ ਦੇ ਦਰਮਿਆਨ ਹੈ। ਗੈਂਗਰੀਨ ਇਕ ਬੀਮਾਰੀ ਹੈ ਜਿਸ ’ਚ ਸਰੀਰ ਦੇ ਕੁਝ ਹਿੱਸਿਆਂ ’ਚ ਟਿਸ਼ੂ ਨਸ਼ਟ ਹੋਣ ਲੱਗਦੇ ਹਨ ਜਿਸ ਦੇ ਨਾਲ ਉੱਥੇ ਜ਼ਖਮ ਬਣ ਜਾਂਦਾ ਹੈ ਜੋ ਲਗਾਤਾਰ ਫੈਲਦਾ ਜਾਂਦਾ ਹੈ।