ਕੋਰੋਨਾ ਆਫ਼ਤ : ਅੰਤਿਮ ਸੰਸਕਾਰ 'ਚ ਮਦਦਗਾਰ ਬਣਿਆ ਇਹ ਸ਼ਖ਼ਸ, ਇਕ ਮਹੀਨੇ 'ਚ ਕੀਤੇ 48 ਸਸਕਾਰ
Monday, May 03, 2021 - 04:53 PM (IST)
ਜੋਧਪੁਰ- ਦੇਸ਼ ਭਰ 'ਚ ਕੋਰੋਨਾ ਦੀ ਦੂਜੀ ਲਹਿਰ ਜਾਰੀ ਹੈ। ਰੋਜ਼ਾਨਾ ਹਜ਼ਾਰਾਂ ਲੋਕ ਇਸ ਵਾਇਰਸ ਨਾਲ ਆਪਣੀ ਜਾਨ ਗੁਆ ਰਹੇ ਹਨ। ਸ਼ਮਸ਼ਾਨਾਂ 'ਚ ਭੀੜ ਕਾਰਨ ਕਈ ਮ੍ਰਿਤਕਾਂ ਨੂੰ ਸਨਮਾਨਜਨਕ ਅੰਤਿਮ ਸੰਸਕਾਰ ਵੀ ਨਸੀਬ ਨਹੀਂ ਹੋ ਰਿਹਾ ਹੈ। ਕਈ ਮਾਮਲਿਆਂ 'ਚ ਤਾਂ ਪਰਿਵਾਰ ਵਾਲੇ ਹੀ ਦੂਰੀ ਬਣਾ ਰਹੇ ਹਨ ਜਾਂ ਉਹ ਇਸ ਸਥਿਤੀ 'ਚ ਨਹੀਂ ਹਨ ਕਿ ਕੋਰੋਨਾ ਨਾਲ ਜਾਨ ਗੁਆਉਣ ਵਾਲੇ ਦਾ ਅੰਤਿਮ ਸੰਸਕਾਰ ਕਰ ਸਕੇ। ਰਾਜਸਥਾਨ ਦੇ ਜੋਧਪੁਰ 'ਚ ਅਜਿਹੇ ਹੀ ਮਾਮਿਲਆਂ 'ਚ ਸਹਾਰਾ ਬਣੇ ਹਨ ਮੁਕੇਸ਼ ਗੋਦਾਵਤ। ਮੁਕੇਸ਼ ਬੀਤੇ ਇਕ ਮਹੀਨੇ ਤੋਂ 48 ਲਾਸ਼ਾਂ ਦਾ ਅੰਤਿਮ ਸੰਸਕਾਰ ਕਰ ਚੁਕੇ ਹਨ। ਅਜਿਹਾ ਨਹੀਂ ਹੈ ਕਿ ਸਿਰਫ਼ ਕੋਰੋਨਾ ਦੇ ਇਸ ਦੌਰ 'ਚ ਹੀ ਮੁਕੇਸ਼ ਸੇਵਾ ਲਈ ਅੱਗੇ ਆਏ ਹਨ। ਉਹ ਪਿਛਲੇ 6 ਸਾਲਾਂ ਤੋਂ ਅੰਤਿਮ ਸੰਸਕਾਰ ਕਰਵਾਉਣ 'ਚ ਮੁਫ਼ਤ ਸੇਵਾਵਾਂ ਦੇ ਰਹੇ ਹਨ। ਜਦੋਂ ਕੋਰੋਨਾ ਦੀ ਪਹਿਲੀ ਲਹਿਰ ਸੀ, ਉਦੋਂ ਵੀ ਉਨ੍ਹਾਂ ਨੇ 30 ਅੰਤਿਮ ਸੰਸਕਾਰ ਕਰਵਾਏ ਸਨ। ਹੁਣ ਦੂਜੀ ਲਹਿਰ ਇੰਨੀ ਭਿਆਨਕ ਹੈ ਕਿ ਬੀਤੇ ਸ਼ਨੀਵਾਰ ਨੂੰ ਉਨ੍ਹਾਂ ਨੂੰ ਇਕ ਦਿਨ 'ਚ 11 ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨਾ ਪਿਆ। ਮੁਕੇਸ਼ ਇਕ ਲਾਸ਼ ਦਾ ਅੰਤਿਮ ਸੰਸਕਾਰ ਕਰ ਕੇ ਘਰ ਪਹੁੰਚਦੇ ਹਨ ਕਿ ਇਕ ਹੋਰ ਫ਼ੋਨ ਆ ਜਾਂਦਾ। ਮੁਕੇਸ਼ ਹੁਣ ਵੀ ਲਗਾਤਾਰ ਇਹ ਸੇਵਾ ਕਰ ਰਹੇ ਹਨ।
ਇਹ ਵੀ ਪੜ੍ਹੋ : MBA ਨੌਜਵਾਨ ਨੂੰ ਸੈਲਿਊਟ! ਕੋਰੋਨਾ ਕਾਲ ’ਚ ਕਰ ਚੁੱਕਾ ਹੈ 100 ਤੋਂ ਵਧੇਰੇ ਲਾਸ਼ਾਂ ਦਾ ਅੰਤਿਮ ਸੰਸਕਾਰ
ਇਲੈਕਟ੍ਰਿਕ ਡੇਕੋਰੇਸ਼ਨ ਦਾ ਕੰਮ ਕਰਨ ਵਾਲੇ ਮੁਕੇਸ਼ ਨੇ 6 ਸਾਲ ਪਹਿਲਾਂ ਸਮਾਜ ਸੇਵਾ ਦੇ ਰੂਪ 'ਚ ਇਹ ਕੰਮ ਸ਼ੁਰੂ ਕੀਤਾ। ਉਨ੍ਹਾਂ ਦੇਖਿਆ ਕਿ ਸ਼ਮਸ਼ਾਨ ਪਹੁੰਚਣ 'ਤੇ ਹਮੇਸ਼ਾ ਮ੍ਰਿਤਕ ਦੇ ਪਰਿਵਾਰ ਨੇ ਸਾਰੇ ਰੀਤੀ-ਰਿਵਾਜ਼ ਪੂਰੇ ਕਰਨ 'ਚ ਕਈ ਪਰੇਸ਼ਾਨੀਆਂ ਆਉਂਦੀਆਂ ਹਨ। ਨਾਲ ਹੀ ਉਨ੍ਹਾਂ ਨੂੰ ਵਿਵਸਥਾਵਾਂ ਕਰਨ ਲਈ ਭਟਕਣਾ ਪੈਂਦਾ ਹੈ। ਇਸ ਲਈ ਮੁਕੇਸ਼ ਨੇ ਇਸ 'ਚ ਲੋਕਾਂ ਦਾ ਸਹਿਯੋਗ ਕਰਨ ਦਾ ਫ਼ੈਸਲਾ ਲਿਆ। ਉਦੋਂ ਤੋਂ ਉਹ ਲਗਾਤਾਰ ਇਹ ਸੇਵਾ ਕਰ ਰਹੇ ਹਨ। ਜਦੋਂ ਪਰਿਵਾਰ ਵਾਲੇ ਉਨ੍ਹਾਂ ਨਾਲ ਸੰਪਰਕ ਕਰਦੇ ਹਨ ਤਾਂ ਉਹ ਸ਼ਮਸ਼ਾਨ ਪਹੁੰਚ ਕੇ ਲੱਕੜਾਂ ਇਕੱਠੀਆਂ ਕਰਨ ਤੋਂ ਲੈ ਕੇ ਪੂਜਨ ਸਮੱਗਰੀ ਤੱਕ ਜੁਟਾਉਣ 'ਚ ਮਦਦ ਕਰਦੇ ਹਨ। ਉਹ ਕਹਿੰਦੇ ਹਨ ਕਿ ਇਸ ਵਾਇਰਸ ਨੇ ਹਾਲਾਤ ਹੋਰ ਖ਼ਰਾਬ ਕਰ ਦਿੱਤੇ ਹਨ ਅਤੇ ਇਸ ਸਮੇਂ ਸਾਰਿਆਂ ਨੂੰ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਹੁਣ ਕਰਨਾਟਕ ਦੇ ਸਰਕਾਰੀ ਹਸਪਤਾਲ 'ਚ ਆਕਸੀਜਨ ਦੀ ਘਾਟ ਨੇ ਲਈ 24 ਮਰੀਜ਼ਾਂ ਦੀ ਜਾਨ