ਉੱਤਰੀ-ਭਾਰਤ ’ਚ ਕੜਾਕੇ ਦੀ ਠੰਡ, ਰਾਜਸਥਾਨ ਤੇ ਸ਼੍ਰੀਨਗਰ ’ਚ ਜੰਮ ਗਿਆ ਪਾਣੀ

Sunday, Dec 19, 2021 - 10:26 AM (IST)

ਉੱਤਰੀ-ਭਾਰਤ ’ਚ ਕੜਾਕੇ ਦੀ ਠੰਡ, ਰਾਜਸਥਾਨ ਤੇ ਸ਼੍ਰੀਨਗਰ ’ਚ ਜੰਮ ਗਿਆ ਪਾਣੀ

ਨਵੀਂ ਦਿੱਲੀ/ਸ਼੍ਰੀਨਗਰ (ਏਜੰਸੀਆਂ)- ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਦੇ ਪਹਾੜਾਂ ’ਤੇ ਲਗਾਤਾਰ ਹੋ ਰਹੀ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ’ਚ ਸੀਤ ਲਹਿਰ ਨੇ ਜ਼ੋਰ ਫੜ ਲਿਆ ਹੈ। ਇਸ ਕਾਰਨ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ’ਚ ਵੀ ਕੜਾਕੇ ਦੀ ਠੰਡ ਪੈ ਰਹੀ ਹੈ। ਉੱਤਰੀ-ਪੱਛਮੀ ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਕਈ ਥਾਈਂ ਸੰਘਣੀ ਧੁੰਦ ਪੈ ਰਹੀ ਹੈ। ਪਹਾੜਾਂ ਵਲੋਂ ਆ ਰਹੀਆਂ ਬਰਫਾਨੀ ਹਵਾਵਾਂ ਕਾਰਨ ਸ਼ਨੀਵਾਰ ਘੱਟੋ-ਘੱਟ ਤਾਪਮਾਨ ’ਚ ਕਮੀ ਹੋਈ ਹੈ। ਰਾਜਸਥਾਨ ਦੇ ਫਤਿਹਪੁਰ ਵਿਖੇ ਮਨਫੀ 1.6, ਚੁਰੁ ਅਤੇ ਮਾਊਂਟ ਆਬੂ ਵਿਖੇ ਸਿਫਰ ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਪੰਜਾਬ ’ਚ ਬਠਿੰਡਾ ਅਤੇ ਅੰਮ੍ਰਿਤਸਰ ਵਿਖੇ ਸਭ ਤੋਂ ਘੱਟ ਸਿਫਰ ਡਿਗਰੀ ਤਾਪਮਾਨ ਸੀ। ਰਾਜਸਥਾਨ ਅਤੇ ਸ਼੍ਰੀਨਗਰ ਵਿਖੇ ਕਈ ਥਾਈਂ ਪਾਣੀ ਜੰਮ ਗਿਆ।

ਸ਼੍ਰੀਨਗਰ ’ਚ ਮੌਸਮ ਦਾ ਸਭ ਤੋਂ ਘੱਟ ਤਾਪਮਾਨ ਦਰਜ

ਦਿੱਲੀ ’ਚ 5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਹਰਿਆਣਾ ’ਚ ਕਈ ਸ਼ਹਿਰਾਂ ’ਚ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਸੀ। ਰਾਜਸਥਾਨ ਦੇ ਦਰੱਖਤਾਂ ’ਤੇ ਪਈਆਂ ਤਰੇਲ ਦੀਆਂ ਬੂੰਦਾਂ ਬਰਫ ’ਚ ਬਦਲ ਗਈਆਂ। ਸ਼੍ਰੀਨਗਰ ਅਤੇ ਕਸ਼ਮੀਰ ਦੇ ਕਈ ਹਿੱਸਿਆਂ ’ਚ ਸ਼ੁੱਕਰਵਾਰ ਦੀ ਰਾਤ ਇਸ ਮੌਸਮ ਦੀ ਸਭ ਤੋਂ ਠੰਡੀ ਰਾਤ ਸੀ। ਵਾਦੀ ਦੇ ਕਈ ਹਿੱਸਿਆਂ ’ਚ ਘੱਟੋ-ਘੱਟ ਤਾਪਮਾਨ ਸਿਫਰ ਤੋਂ ਕਈ ਡਿਗਰੀ ਹੇਠਾਂ ਚਲਾ ਗਿਆ। ਇਸ ਕਾਰਨ ਪਾਣੀ ਦੀਆਂ ਪਾਈਪਾਂ ’ਚ ਪਾਣੀ ਜੰਮ ਗਿਆ। ਸ਼੍ਰੀਨਗਰ ਵਿਖੇ ਸ਼ੁੱਕਰਵਾਰ ਰਾਤ ਨੂੰ ਮਨਫੀ 6 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਬਾਰਾਮੂਲਾ ਜ਼ਿਲੇ ਦੇ ਗੁਲਮਰਗ ਵਿਖੇ ਇਹ ਤਾਪਮਾਨ ਮਨਫੀ 8.5 ਸੀ। ਵਾਦੀ ’ਚ ਇਹ ਸਭ ਤੋਂ ਘੱਟ ਤਾਪਮਾਨ ਸੀ।


author

Tanu

Content Editor

Related News